ਅੱਜ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮੁੱਦੇ ‘ਤੇ ਜੋ ਸਰਕਾਰ ਕਰ ਰਹੀ ਹੈ ਉਹ ਸਹੀ ਹੈ ਜਾਂ ਗ਼ਲਤ ਉਸ ਬਾਰੇ ਵਿਦਵਾਨ ਦਸ ਸਕਦੇ ਹਨ ਪਰ ਅਜਿਹੀ ਸਥਿਤੀ ਪੈਦਾ ਹੀ ਨਹੀਂ ਹੋਣੀ ਚਾਹੀਦੀ ਸੀ। ਜੇਕਰ ਇਹ ਸਥਿਤੀ ਪੈਦਾ ਹੋਈ ਹੈ ਤਾਂ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਅਜਿਹਾ ਕਿਉਂ ਹੋਇਆ ਹੈ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਹੁਦਾ ਛੱਡਣ ਦਾ ਫ਼ੈਸਲਾ ਮੇਰਾ ਖ਼ੁਦ ਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਦੋਹਾਂ ਤਖ਼ਤਾਂ ਦੀ ਸੇਵਾ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਮੇਟੀ ਚਾਹਵੇ ਤਾਂ ਅੱਜ ਹੀ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵੀ ਵਾਪਸ ਲੈ ਲਵੇ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਿਆਸਤ ਨਹੀਂ ਸਗੋਂ ਧਰਮ ਭਾਰੂ ਹੋਣਾ ਚਾਹੀਦਾ ਹੈ। ਮੀਡੀਆ ਨਾਲ ਗਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਮੈਂ ਪਹਿਲਾਂ ਹੀ ਕਿਹਾ ਸੀ ਜੇਕਰ ਮੇਰੇ ਸਿਰ ‘ਤੇ ਪਈ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ। ਵਿਰਸਾ ਸਿੰਘ ਵਲਟੋਹਾ ਸਮਝਦੇ ਹਨ ਕਿ ਇਹ ਸੇਵਾ ਸਮਝਦਾਰ, ਸੂਝਵਾਨ ਤੇ ਕਿਸੇ ਦਲੇਰ ਸ਼ਖ਼ਸ ਨੂੰ ਮਿਲਣੀ ਚਾਹੀਦੀ ਹੈ। ਵਿਰਸਾ ਸਿੰਘ ਵਲਟੋਹਾ ਵਿਚ ਦਲੇਰੀ ਬਹੁਤ ਜ਼ਿਆਦਾ ਹੈ, ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਜਥੇਦਾਰ ਸਾਹਬ ਦੀ ਸੇਵਾ ਉਹ ਵਿਰਸਾ ਸਿੰਘ ਵਲਟੋਹਾ ਨੂੰ ਦੇ ਦੇਣ ਅਤੇ ਜੋ ਕਰਵਾਉਣਾ ਹੈ ਕਰਵਾ ਲੈਣ – ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੈਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ
-ਆਸਟ੍ਰੇਲੀਆ ਜਾਣ ਤੋਂ ਪਹਿਲਾਂ ਮੈਂ ਦੋਹਾਂ ਤਖ਼ਤਾਂ ਦੀ ਸੇਵਾ ਛੱਡਣ ਦੀ ਪੇਸ਼ਕਸ਼ ਕੀਤੀ ਸੀ
-ਜੇਕਰ ਕਮੇਟੀ ਚਾਹੁੰਦੀ ਹੈ ਤਾਂ ਅੱਜ ਹੀ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵਾਪਸ ਲੈ ਲਓ
- ਗੁਰਬਾਣੀ ਪ੍ਰਸਾਰਣ ਦੇ ਮੁੱਦੇ ‘ਤੇ ਜੋ ਸਰਕਾਰ ਕਰ ਰਹੀ ਹੈ ਉਹ ਸਹੀ ਹੈ ਜਾਂ ਗ਼ਲਤ ਉਸ ਬਾਰੇ ਵਿਦਵਾਨ ਦਸ ਸਕਦੇ ਹਨ ਪਰ ਅਜਿਹੀ ਸਥਿਤੀ ਪੈਦਾ ਹੀ ਨਹੀਂ ਹੋਣੀ ਚਾਹੀਦੀ ਸੀ
-ਸਾਡੇ ਲਈ SGPC ਤੇ ਸਾਡੀਆਂ ਸੰਸਥਾਵਾਂ ਸਿਰਮੌਰ ਹਨ
-ਇਨ੍ਹਾਂ ਸਸੰਥਾਵਾਂ ‘ਤੇ ਬੈਠੇ ਵਿਅਕਤੀ ਕਈ ਵਾਰ ਅਜਿਹੀ ਗੱਲ ਕਰ ਜਾਂਦੇ ਹਨ ਜਿਸ ‘ਤੇ ਉਨ੍ਹਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਜੋ ਕਰਨੀ ਵੀ ਚਾਹੀਦੀ ਹੈ
-ਅੱਜ ਦੇ ਸਿਆਸੀ ਆਗੂ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਤੇ ਹੇਠਲੇ ਪੱਧਰ ‘ਤੇ ਬਿਆਨਬਾਜ਼ੀ ਕਰਦੇ ਹਨ ਜੋ ਚਿੰਤਾ ਦਾ ਵਿਸ਼ਾ ਹੈ
-ਸਿਆਸਤ ਨਹੀਂ ਸਗੋਂ ਧਰਮ ਭਾਰੂ ਹੋਣਾ ਚਾਹੀਦੈ - ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਮੇਰੇ ‘ਤੇ ਦਬਾਅ ਪਿਆ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ
-ਹੁਣ ਮੈਂ ਬਹੁਤ ਸਕੂਨ ਨਾਲ ਸੌਂ ਰਿਹਾ ਹਾਂ ਅਤੇ ਸਿਮਰਨ-ਭਜਨ ਕਰ ਰਿਹਾ ਹਾਂ