ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਰਾਜਧਾਨੀ ਸ਼ਿਮਲਾ ‘ਚ ਕਈ ਵਾਹਨ ਮਲਬੇ ਹੇਠਾਂ ਦੱਬ ਗਏ ਹਨ। ਕਈ ਰਸਤੇ ਅਤੇ ਸੜਕਾਂ ਬੰਦ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ। ਭਾਰੀ ਮੀਂਹ ਕਾਰਨ ਰਾਜਗੜ੍ਹ-ਨਾਹਨ ਰੋਡ ’ਤੇ ਨਹਿਰ ਬਾਗ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹਵਾ ਵਿਚ ਲਟਕ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪਰਵਾਣੂ ਸ਼ਿਮਲਾ ਰਾਸ਼ਟਰੀ ਮਾਰਗ ‘ਤੇ ਪੱਥਰ ਅਤੇ ਮਲਬਾ ਡਿੱਗਣ ਕਾਰਨ ਪਰਵਾਣੂ ਤੋਂ ਧਰਮਪੁਰ ਤੱਕ ਕਈ ਥਾਵਾਂ ‘ਤੇ ਆਵਾਜਾਈ ਨੂੰ ਇਕ ਤਰਫਾ ਕਰ ਦਿਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 25 ਅਤੇ 26 ਜੂਨ ਨੂੰ ਰਾਜ ਵਿਚ ਭਾਰੀ ਬਾਰਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੰਡੀ ਜ਼ਿਲ੍ਹੇ ਦੀ ਡੇਹਰ ਸਬ-ਤਹਿਸੀਲ ਦੀ ਗ੍ਰਾਮ ਪੰਚਾਇਤ ਸਲਪੜ ਕਲੋਨੀ ਦੇ ਸੀਯੂ ਪਿੰਡ ਦਾ 80 ਸਾਲਾ ਬਜ਼ੁਰਗ ਸੌਜੂ ਰਾਮ ਬੀਬੀਐਮਬੀ ਪਾਵਰ ਹਾਊਸ ਸਲਾਪੜ ਨੇੜੇ ਆਪਣੀਆਂ 18 ਬੱਕਰੀਆਂ ਚਰਾ ਰਿਹਾ ਸੀ ਕਿ ਅਚਾਨਕ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਜ਼ੁਰਗ ਅਤੇ 18 ਬੱਕਰੀਆਂ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਈਆਂ। ਡੀਐਸਪੀ ਸੁੰਦਰਨਗਰ ਦਿਨੇਸ਼ ਕੁਮਾਰ ਨੇ ਦਸਿਆ ਕਿ ਲਾਪਤਾ ਬਜ਼ੁਰਗ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਜੋਗਿੰਦਰਨਗਰ ਦੇ ਸੰਖੇਤਰ ਵਿਚ ਹੜ੍ਹਾਂ ਕਾਰਨ ਸੜਕ ਧਸ ਗਈ ਹੈ, ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕੁਝ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਸੇਰਾਜ ਖੇਤਰ ਦੇ ਕਈ ਪਿੰਡਾਂ ਵਿਚ ਬਿਜਲੀ ਨਹੀਂ ਹੈ। ਜੰਜੇਲੀ ਮੰਡੀ ਰੋਡ ਸਮੇਤ ਹੋਰ ਕਈ ਸੜਕਾਂ ਜਾਮ ਕਰ ਦਿਤੀਆਂ ਗਈਆਂ।