ਯੂਕਰੇਨ ਦਾ ਰੂਸ ਨੂੰ ਝਟਕਾ, ਕ੍ਰੀਮੀਆ ਦੀ ਸਰਹੱਦ ਨਾਲ ਲੱਗਦੇ ਪੁਲ ‘ਤੇ ਹਮਲਾ ਕੀਤਾ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਡੇਢ ਸਾਲ ਤੋਂ ਜੰਗ ਚੱਲ ਰਹੀ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਅੱਗੇ ਝੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਰੂਸ ਨੂੰ ਵੱਡਾ ਝਟਕਾ ਦਿਤਾ ਹੈ। ਜਿਸ ਦੇ ਤਹਿਤ ਯੂਕਰੇਨ ਤੋਂ ਕ੍ਰੀਮੀਆ ਨਾਲ ਲੱਗਦੇ ਇੱਕ ਪੁਲ ‘ਤੇ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਨ ਰੂਸੀ ਫੌਜ ਨੂੰ ਸਪਲਾਈ ਵਿਚ ਰੁਕਾਵਟ ਆਈ ਹੈ ਜਾਣਕਾਰੀ ਮੁਤਾਬਕ ਯੂਕਰੇਨ ਨੇ ਵੀਰਵਾਰ ਸਵੇਰੇ ਕ੍ਰੀਮੀਆ ਦੀ ਸਰਹੱਦ ਨਾਲ ਲੱਗਦੇ ਇਸ ਪੁਲ ‘ਤੇ ਹਮਲਾ ਕਰਕੇ ਤਬਾਹ ਕਰ ਦਿਤਾ। ਜਿਸ ਕਾਰਨ ਰੂਸ ਦਾ ਮੁੱਖ ਸਪਲਾਈ ਰੂਟ ਬੰਦ ਹੋ ਗਿਆ ਹੈ। ਇਸ ਹਮਲੇ ਨੂੰ ਰੂਸ ਨੂੰ ਕੀਵ ਤੋਂ ਬਾਹਰ ਕੱਢਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੁਲ ਦੇ ਜ਼ਰੀਏ ਦੱਖਣੀ ਯੂਕਰੇਨ ‘ਚ ਰੂਸੀ ਕਬਜ਼ੇ ਵਾਲੇ ਬਲਾਂ ਲਈ ਸਾਮਾਨ ਦੀ ਸਪਲਾਈ ਕੀਤੀ ਜਾਂਦੀ ਹੈ।ਯੂਕਰੇਨ ਦੇ ਖੇਰਸਨ ਸੂਬੇ ਦੇ ਕਬਜ਼ੇ ਵਾਲੇ ਹਿੱਸਿਆਂ ਵਿਚ ਰੂਸ ਵੱਲੋਂ ਸਥਾਪਿਤ ਕੀਤੇ ਗਏ ਪ੍ਰਸ਼ਾਸਨ ਦੇ ਮੁਖੀ ਵਲਾਦੀਮੀਰ ਸਲਡੋ ਨੇ ਚੋਨਹਾਰ ਰੋਡ ਪੁਲ ਉੱਤੇ ਆਪਣੀ ਵੀਡੀਓ ਜਾਰੀ ਕੀਤੀ ਹੈ। ਜਿਸ ਵਿਚ ਪੁਲ ‘ਤੇ ਹਮਲਾ ਕਰਨ ਤੋਂ ਬਾਅਦ ਟੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੀਵ ਪ੍ਰਸ਼ਾਸਨ ਨੇ ਲੰਡਨ ਦੇ ਹੁਕਮਾਂ ‘ਤੇ ਇਹ ਵਿਅਰਥ ਕੋਸ਼ਿਸ਼ ਕੀਤੀ ਹੈ। ਵਲਾਦੀਮੀਰ ਸਾਲਡੋ ਨੇ ਕਿਹਾ ਕਿ ਇਸ ਨਾਲ ਕੁਝ ਵੀ ਹੱਲ ਨਹੀਂ ਹੋਣ ਵਾਲਾ ਹੈ। ਸਲਡੋ ਨੇ ਪੁਲ ਦੀ ਮੁਰੰਮਤ ਕਰਕੇ ਜਲਦੀ ਹੀ ਆਵਾਜਾਈ ਬਹਾਲ ਕਰਨ ਦਾ ਅਹਿਦ ਲਿਆ ਹੈ। ਯੂਕਰੇਨ ਦੇ ਹਮਲੇ ਤੋਂ ਨਾਰਾਜ਼, ਵਲਾਦੀਮੀਰ ਸਾਲਡੋ ਨੇ ਗੁਆਂਢੀ ਦੇਸ਼ ਮੋਲਡੋਵਾ ਨੂੰ ਨਾਟੋ-ਮੈਂਬਰ ਰੋਮਾਨੀਆ ਨਾਲ ਜੋੜਨ ਵਾਲੇ ਪੁਲ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਵੀ ਦਿਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦਾ ਜਵਾਬ ਦਿਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਚੋਨਹਾਰ ਪੁਲ, ਜੋ ਰਾਤੋ-ਰਾਤ ਪ੍ਰਭਾਵਿਤ ਹੋਇਆ ਸੀ, ਕ੍ਰੀਮੀਆ ਤੱਕ ਪਹੁੰਚਣ ਦੇ ਕੁਝ ਰਸਤਿਆਂ ਵਿਚੋਂ ਇੱਕ ਹੈ, ਜੋ ਕਿ ਇੱਕ ਤੰਗ ਰਸਤੇ ਦੁਆਰਾ ਯੂਕਰੇਨ ਦੀ ਮੁੱਖ ਭੂਮੀ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਇਸ ਰਸਤੇ ਨੂੰ ਛੱਡ ਕੇ ਹੋਰ ਸੜਕਾਂ ਤੋਂ ਆਉਣ ਲਈ ਘੰਟਿਆਂਬੱਧੀ ਲੰਬਾ ਚੱਕਰ ਕੱਟਣਾ ਪੈਂਦਾ ਹੈ। ਰੂਸ ਦੀ ਆਰਆਈਏ ਨੋਵੋਸਤੀ ਏਜੰਸੀ ਨੇ ਕ੍ਰੀਮੀਆ ਵਿਚ ਰੂਸ ਦੁਆਰਾ ਸਥਾਪਤ ਟਰਾਂਸਪੋਰਟ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨੁਕਸਾਨੇ ਗਏ ਪੁਲ ਦੀ ਮੁਰੰਮਤ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ ਅਤੇ ਖੇਰਸਨ ਖੇਤਰ ਵਿਚ ਇੱਕ ਯੂਕਰੇਨੀ ਅਧਿਕਾਰੀ, ਯੂਰੀ ਸੋਬੋਲੇਵਸਕੀ ਨੇ ਕਿਹਾ ਕਿ ਇਹ ਹਮਲਾ “ਕਬਜ਼ਾ ਕਰਨ ਵਾਲਿਆਂ ਦੀ ਫੌਜੀ ਲੌਜਿਸਟਿਕਸ ਲਈ ਇੱਕ ਵੱਡਾ ਝਟਕਾ ਸੀ। ” ਉਨ੍ਹਾਂ ਕਿਹਾ ਕਿ ਕਬਜ਼ਾਧਾਰੀਆਂ ਅਤੇ ਕਾਬਜ਼ ਸ਼ਕਤੀਆਂ ‘ਤੇ ਇਸ ਹਮਲੇ ਦਾ ਸਾਰਥਿਕ ਅਤੇ ਮਨੋਵਿਗਿਆਨਕ ਪ੍ਰਭਾਵ ਪੈਂਦਾ ਹੈ। ਸਾਬੋਲੇਵਸਕੀ ਨੇ ਕਿਹਾ ਕਿ ਖੇਰਸੋਨ ਖੇਤਰ ਵਿਚ ਕੋਈ ਅਜਿਹੀ ਥਾਂ ਨਹੀਂ ਹੈ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰ ਸਕਣ। ਇਕ ਨਿਊਜ਼ ਏਜੰਸੀ ਨੇ ਦਸਿਆ ਕਿ ਰੂਸੀ ਜਾਂਚਕਰਤਾਵਾਂ ਨੇ ਕਿਹਾ ਕਿ ਯੂਕਰੇਨੀ ਫੌਜ ਨੇ ਪੁਲ ‘ਤੇ ਚਾਰ ਮਿਜ਼ਾਈਲਾਂ ਦਾਗੀਆਂ। ਇਸ ਨੇ ਫੌਜੀ ਜਾਂਚਕਰਤਾਵਾਂ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਮਿਜ਼ਾਈਲਾਂ ਵਿਚੋਂ ਇੱਕ ਦੇ ਅਵਸ਼ੇਸ਼ ਮਿਲੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਮਿਜ਼ਾਈਲ ਫਰਾਂਸ ਵਿਚ ਬਣੀ ਸੀ।

Leave a Reply

Your email address will not be published. Required fields are marked *