ਸਥਾਨਕ ਸ਼ਾਹਦਰਾ ਇਲਾਕੇ ਤੋਂ ਲੁੱਟ ਦਾ ਇਕ ਅਜੀਬੋ-ਗਰੀਬ ਵੀਡੀਉ ਸਾਹਮਣੇ ਆਇਆ ਹੈ। ਜਿਸ ਵਿਚ ਦੋ ਲੁਟੇਰੇ ਇਕ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੁੱਟ ਕਰਨ ਤੋਂ ਬਗ਼ੈਰ ਹੀ ਉਥੋਂ ਫ਼ਰਾਰ ਹੋ ਗਏ। ਇਸ ਦਾ ਇਕ ਸੀ.ਸੀ.ਟੀ.ਵੀ. ਵੀਡੀਉ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਦਸਿਆ ਜਾ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਲੁਟੇਰੇ ਜਦੋਂ ਇਕ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋੜੇ ਤੋਂ ਮਹਿਜ਼ ਵੀਹ ਰੁਪਏ ਹੀ ਬਰਾਮਦ ਹੋਏ ਜਿਸ ‘ਤੇ ਉਨ੍ਹਾਂ ਦਾ ਦਿਲ ਪਿਘਲ ਗਿਆ ਅਤੇ ਤਰਸ ਖਾ ਕੇ ਉਹ ਅਪਣੇ ਪੱਲਿਉਂ ਜੋੜੇ ਨੂੰ 100 ਰੁਪਇਆ ਦੇ ਕੇ ਉਥੋਂ ਫ਼ਰਾਰ ਹੋ ਗਏ। ਜਾਣਕਾਰੀ ਮਿਲਦਿਆਂ ਹੀ ਪੁਲਿਸ ਵਲੋਂ ਤਫ਼ਤੀਸ਼ ਕੀਤੀ ਗਈ ਅਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਡੀ.ਸੀ.ਪੀ. ਰੋਹਿਤ ਮੀਨਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਮੌਕੇ ਦੋਵੇਂ ਲੁਟੇਰੇ ਨਸ਼ੇ ਵਿਚ ਸਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਕਈ ਹੋਰ ਇਲਾਕਿਆਂ ਵਿਚ ਕੰਮ ਕਰ ਰਹੇ ਸਨ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਪਿਸਤੌਲ, ਸਕੂਟਰ ਅਤੇ 30 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਫ਼ਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।