ਮਾਨਸੂਨ ਨੇ ਅਪਣੀ ਐਂਟਰੀ ਨਾਲ ਹਿਮਾਚਲ ‘ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿਤੀ ਹੈ। ਭਾਰੀ ਮੀਂਹ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸੈਰ-ਸਪਾਟਾ ਸਥਾਨ ਨੂੰ ਜੋੜਨ ਵਾਲੇ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 380 ਸੜਕਾਂ ਬੰਦ ਹਨ। ਚੰਡੀਗੜ੍ਹ-ਮਨਾਲੀ NH-21 ਮੀਲ ਸੱਤ ਅਤੇ ਮੀਲ ਚਾਰ ਦੇ ਨੇੜੇ ਬੰਦ ਪਿਆ ਹੈ। ਮੰਡੀ-ਪੰਡੋਆ ਵਿਚਕਾਰ ਚੱਟਾਨਾਂ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਕਾਰਨ ਮੰਡੀ, ਪੰਡੋਹ ਅਤੇ ਨਾਗਚਲਾ ਵਿਚ ਲੰਮਾ ਜਾਮ ਲੱਗ ਗਿਆ। ਸੈਂਕੜੇ ਵਾਹਨ ਟ੍ਰੈਫਿਕ ਜਾਮ ਵਿਚ ਫਸੇ ਹੋਏ ਹਨ। ਇਸ ਤੋਂ ਪਹਿਲਾਂ ਲੋਕਾਂ ਨੂੰ ਭੁੱਖੇ-ਪਿਆਸੇ ਕਾਰ ਵਿਚ ਰਾਤ ਕੱਟਣੀ ਪਈ। ਦਾਅਵਾ ਕੀਤਾ ਜਾ ਰਿਹਾ ਹੈ ਕਿ NH ਦੁਪਹਿਰ 2 ਵਜੇ ਤੱਕ ਬਹਾਲ ਹੋ ਜਾਵੇਗਾ ਪਰ ਤਿੰਨ ਘੰਟਿਆਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਸੜਕ ਦੀ ਮੁਰੰਮਤ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਭਾਰੀ ਮੀਂਹ ਨੇ ਇਕ ਪੱਕਾ ਮਕਾਨ, 13 ਵਾਹਨ ਅਤੇ ਇਕ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਹੜ੍ਹ ਵਿਚ ਵਹਿ ਜਾਣ ਕਾਰਨ ਪੰਜ ਬੱਕਰੀਆਂ ਦੀ ਮੌਤ ਹੋ ਗਈ ਹੈ ਅਤੇ 16 ਲਾਪਤਾ ਹਨ। ਮੀਂਹ ਕਾਰਨ 2.56 ਕਰੋੜ ਰੁਪਏ ਦੀ ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਸੂਬੇ ਦੇ ਲੋਕਾਂ ਨੂੰ ਬਾਰਿਸ਼ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ‘ਚ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। ਬੁਲੇਟਿਨ ‘ਚ ਸ਼ਿਮਲਾ, ਬਿਲਾਸਪੁਰ, ਹਮੀਰਪੁਰ, ਊਨਾ, ਮੰਡੀ ਅਤੇ ਕੁੱਲੂ ਜ਼ਿਲਿਆਂ ‘ਚ ਦੁਪਹਿਰ 3 ਵਜੇ ਤੱਕ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਦਿੱਤਾ ਗਿਆ ਹੈ।