ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (gangster Lawrence Bishnoi) ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਸਿਆਸਤਦਾਨ ਅਤੇ ਕਾਰੋਬਾਰੀ ਪੁਲਿਸ ਸੁਰੱਖਿਆ ਲੈਣ ਲਈ ਧਮਕੀ ਭਰੀਆਂ ਕਾਲਾਂ ਦੇ ਬਦਲੇ ਉਸ ਨੂੰ ਪੈਸੇ ਦਿੰਦੇ ਹਨ। ਬਿਸ਼ਨੋਈ ਅਪ੍ਰੈਲ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ‘ਚ ਸੀ, ਜਿਸ ਨੇ ਖਾਲਿਸਤਾਨੀ ਸੰਗਠਨਾਂ ਨੂੰ ਫੰਡਿੰਗ ਦੇ ਮਾਮਲੇ ‘ਚ ਗੈਂਗਸਟਰ ਤੋਂ ਪੁੱਛਗਿੱਛ ਕੀਤੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਏਜੰਸੀ ਨੇ ਲਾਰੈਂਸ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਬਾਰੇ ਗ੍ਰਹਿ ਮੰਤਰਾਲੇ (ਐਮਐਚਏ) ਨੂੰ ਸੂਚਿਤ ਕੀਤਾ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ, “ਗੈਂਗਸਟਰ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਹਰ ਮਹੀਨੇ ਸ਼ਰਾਬ ਦੇ ਡੀਲਰਾਂ, ਕਾਲ ਸੈਂਟਰ ਮਾਲਕਾਂ, ਦਵਾਈ ਸਪਲਾਇਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਤੋਂ 2.5 ਕਰੋੜ ਰੁਪਏ ਦੀ ਵਸੂਲੀ ਕਰਦਾ ਸੀ।