ਭਾਰਤੀ ਜਨਤਾ ਪਾਰਟੀ ਵਲੋਂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਉਪਰੰਤ ਪਾਰਟੀ ਵਿਚ ਅੰਦਰੂਨੀ ਸਿਆਸਤ ਕਾਫੀ ਤੇਜ਼ ਹੋ ਗਈ ਹੈ। ਜਾਖੜ ਦੀ ਨਿਯੁਕਤੀ ਹੁੰਦਿਆਂ ਹੀ ਮੰਗਲਵਾਰ ਨੂੰ ਅਬੋਹਰ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਅਰੁਣ ਨਾਰੰਗ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਬਾਹਰ ਇਕ ਪਾਰਟੀ ਆਗੂ ਨੇ ਅਪਣੇ ਹੀ ਕਪੜੇ ਫਾੜ ਲਏ। ਮੁਹਾਲੀ ਤੋਂ ਭਾਜਪਾ ਆਗੂ ਬੌਬੀ ਕੰਬੋਜ ਨੇ ਗੁੱਸੇ ਵਿਚ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਭਾਜਪਾ ਦਾ ਕਾਂਗਰਸੀਕਰਨ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਨੀਲ ਜਾਖੜ ਨੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੂੰ ਚੋਣਾਂ ਵਿਚ ਹਰਾਇਆ ਸੀ, ਉਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਨ੍ਹਾਂ ਦੀ ਦੇਖ-ਰੇਖ ਹੇਠ ਭਾਜਪਾ ਵਿਧਾਇਕ ਨੂੰ ਹਰਾਇਆ ਗਿਆ। ਅਪਣੇ ਕਪੜੇ ਫਾੜਨ ਦਾ ਕਾਰਨ ਦਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਕਿ ਭਵਿੱਖ ਵਿਚ ਭਾਜਪਾ ਵਰਕਰਾਂ ਦੇ ਕਪੜੇ ਨਾ ਫਾੜੇ ਜਾਣ। ਅਰੁਣ ਨਾਰੰਗ ਦੇ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਉਹ ਜਾਗਦੀ ਜ਼ਮੀਨ ਵਾਲੇ ਹਨ, ਉਨ੍ਹਾਂ ਨੇ ਇਸੇ ਲਈ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ, “ਸੁਨੀਲ ਜਾਖੜ ਪਹਿਲਾਂ ਅਪਣੀ ਪੁਰਾਣੀ ਪਾਰਟੀ ਨੂੰ ਖੇਰੂੰ-ਖੇਰੂੰ ਕਰ ਕੇ ਆਏ ਸਨ, ਇਹ ਕੋਈ ਵਿਅਕਤੀ ਨਾਲ ਲੈ ਕੇ ਨਹੀਂ ਆਏ ਪਰ ਜਦੋਂ ਜਾਣਗੇ ਤਾਂ ਭਾਜਪਾ ਵਰਕਰਾਂ ਨੂੰ ਲੈ ਕੇ ਜਾਣਗੇ”। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਭਾਜਪਾ ਦਾ ਨੁਕਸਾਨ ਕਰਨਗੇ। ਬੌਬੀ ਕੰਬੋਜ ਨੇ ਦਸਿਆ ਕਿ ਅਸ਼ਵਨੀ ਸ਼ਰਮਾ ਦੇ ਕਾਰਜਕਾਲ ਦੌਰਾਨ ਉਹ ਸੂਬਾ ਕਾਰਜਕਾਰਨੀ ਮੈਂਬਰ ਸਨ ਅਤੇ ਉਹ ਮੁਹਾਲੀ ਦੇ ਕੌਂਸਲਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ ਯੁਵਾ ਵਿਚ ਵੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ। ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਲਿਆ ਗਿਆ ਫ਼ੈਸਲਾ :ਅਰੁਣ ਨਾਰੰਗ ਅਰੁਣ ਨਾਰੰਗ ਦਾ ਕਹਿਣਾ ਸੀ ਕਿ ਪਾਰਟੀ ਨੇ ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਇਹ ਫੈਸਲਾ ਲਿਆ ਗਿਆ ਹੈ ਜਿਸ ਕਾਰਨ ਉਹ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ। ਸਾਬਕਾ ਵਿਧਾਇਕ ਨਾਰੰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਧਾਨ ਜਾਖੜ ਨੂੰ ਹਰਾਇਆ ਸੀ। ਸਾਬਕਾ ਵਿਧਾਇਕ ਨਾਰੰਗ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਅਤੇ ਜ਼ਿਲ੍ਹਾ ਮਾਨਸਾ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਉਹ ਇੱਕ ਆਮ ਵਰਕਰ ਵਾਂਗ ਭਾਜਪਾ ਨਾਲ ਜੁੜੇ ਰਹਿਣਗੇ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸੁਨੀਲ ਜਾਖੜ ਨੂੰ ਕਰੀਬ 3500 ਵੋਟਾਂ ਨਾਲ ਹਰਾ ਕੇ ਅਬੋਹਰ ਸੀਟ ਭਾਜਪਾ ਦੇ ਝੋਲੇ ‘ਚ ਪਾ ਦਿੱਤੀ ਸੀ। ਸੁਨੀਲ ਜਾਖੜ ਇਸ ਤੋਂ ਪਹਿਲਾਂ ਤਿੰਨ ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਸਾਲ 2022 ਵਿੱਚ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਇੱਥੋਂ ਵਿਧਾਇਕ ਬਣੇ ਸਨ। ਜਦੋਂਕਿ ਭਾਜਪਾ ਤੋਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਾਬਕਾ ਵਿਧਾਇਕ ਨਾਰੰਗ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੱਸ ਦੇਈਏ ਕਿ ਖੇਤੀ ਕਾਨੂੰਨ ਵਿਰੁਧ ਜਾਰੀ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਰੋਸ ਦੇ ਚਲਦਿਆਂ ਮਲੋਟ ਵਿਖੇ ਅਰੁਣ ਨਾਰੰਗ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਆਗੂ ਦੀ ਕੁੱਟਮਾਰ ਕੀਤੀ ਗਈ ਅਤੇ ਕਪੜੇ ਵੀ ਫਾੜ ਦਿਤੇ ਗਏ ਸਨ।