ਵਿਰੋਧੀ ਜਾਂ ਤਾਂ ਮੇਰੇ ‘ਤੇ ਨਿਜੀ ਹਮਲੇ ਕਰਦੇ ਹਨ ਜਾਂ ਫਿਰ ਪੱਤਰਕਾਰਾਂ ਦੇ ਗਲ ਪੈਂਦੇ ਹਨ : ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਆਗੂਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਵੀ ਦਿਤਾ ਅਤੇ ਦਸਿਆ ਕਿ ਇਹ ਟੋਲ-ਪਲਾਜ਼ੇ ਕਾਨੂੰਨੀ ਕਾਰਵਾਈ ਰਾਹੀਂ ਹੀ ਬੰਦ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ, ”ਕਾਂਗਰਸੀ ਆਗੂ ਪ੍ਰਗਟ ਸਿੰਘ ਕੱਲ ਕਹਿ ਰਹੇ ਸਨ ਕਿ ਇਹ ਟੋਲ-ਪਲਾਜ਼ਾ ਤਾਂ ਵੈਸੇ ਹੀ ਬੰਦ ਹੋ ਜਾਣਾ ਸੀ ਹੁਣ ਪਬਲੀਸਿਟੀ ਕਿਉਂ ਕੀਤੀ ਜਾ ਰਹੀ ਹੈ। ਮਜ਼ਾਕੀਆ ਲਹਿਜ਼ੇ ਵਿਚ ਮੁੱਖ ਮੰਤਰੀ ਨੇ ਕਿਹਾ, ”ਪ੍ਰਗਟ ਸਿੰਘ ਜੀ ਪਹਿਲਾਂ ਭਾਰਤ ਲਈ ਹਾਕੀ ਖੇਡਦੇ ਰਹੇ ਹਨ ਫਿਰ ਪੰਜ ਸਾਲ ਅਕਾਲੀਆਂ ਵਲੋਂ ਵੀ ਖੇਡਦੇ ਰਹੇ ਹਨ ਤੇ ਅੱਜਕਲ ਉਹ ਕਾਂਗਰਸ ਵਲੋਂ ਖੇਡ ਰਹੇ ਹਨ। ਚਲੋ ਗੋਲ ਤਾਂ ਉਹ ਨਹੀਂ ਕਰਨ ਦਿੰਦੇ ਪਰ ਬਿਸਤਰਾ ਗੋਲ ਜ਼ਰੂਰ ਕਰ ਦਿੰਦੇ ਹਨ। ਮੈਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਇਸ ਦੀ ਮਿਆਦ ਜੋ 20 ਤਰੀਕ ਤਕ ਸੀ ਉਸ ਤੋਂ ਬਾਅਦ ਜਦੋਂ ਅਸੀਂ ਖ਼ਤਮ ਕਰਨਾ ਸੀ ਤਾਂ ਇਨ੍ਹਾਂ ਵਲੋਂ ਸਾਡੇ ਤੋਂ 436 ਦਿਨ ਹੋਰ ਯਾਨੀ ਫਰਵਰੀ 2025 ਤਕ ਮਿਆਦ ਵਧਾਉਣ ਲਈ ਕਿਹਾ ਗਿਆ ਸੀ।” ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਕਿ 2019 ਵਿਚ ਇਹ ਸਮਝੌਤਾ ਖ਼ਤਮ ਹੋ ਸਕਦਾ ਸੀ ਪਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਿਸ ਵਿਚ ਪ੍ਰਗਟ ਇੰਘ ਵਿਧਾਇਕ ਸਨ ਤਾਂ ਇਹ ਸਵਾਲ ਉਹ ਕੈਪਟਨ ਸਾਹਬ ਨੂੰ ਕਰਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ। ਮੁੱਖ ਮੰਤਰੀ ਨੇ ਦਸਿਆ ਕਿ ਇਸ ਤੋਂ ਇਲਾਵਾ ਵੀ ਜੇਕਰ ਸਰਕਾਰ ਟੋਲ ਪਲਾਜ਼ਾ ਬੰਦ ਕਰਨਾ ਚਾਹੇ ਤਾਂ 60 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਜੋ ਅਸੀਂ ਦਿਤਾ ਅਤੇ ਉਹ ਬੀਤੀ ਰਾਤ 12 ਵਜੇ ਪੂਰਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ, ”ਮੈਂ ਕਾਂਗਰਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕੋਈ ਫ਼ੋਟੋਆਂ ਖਿਚਵਾਉਣ ਦਾ ਚਾਅ ਨਹੀਂ ਹੈ ਸਗੋਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਟੋਲ-ਪਲਾਜ਼ੇ ਬੰਦ ਕਰਾਂਗੇ ਪਰ ਇਹ ਸਾਰੇ ਕੰਢੇ ਇਨ੍ਹਾਂ ਦੇ ਹੀ ਬੀਜੇ ਹੋਏ ਹਨ। ਜੇਕਰ ਇਥੇ ਸੁਖਬੀਰ ਬਾਦਲ ਜਾਂ ਅਲੀਬਾਬਾ (ਕੈਪਟਨ ਅਮਰਿੰਦਰ ਸਿੰਘ) ਹੁੰਦਾ ਤਾਂ ਇਹ 436 ਦਿਨ ਨਹੀਂ ਸਗੋਂ 500 ਦਿਨ ਹੋਰ ਵਧਾ ਦਿੰਦੇ।” ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਕਿ ਅਸੀਂ ਇਹ ਟੋਲ ਬੰਦ ਕਰਨ ਲਈ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਸਾਡੇ ਤੋਂ ਕੋਰੋਨਾ ਸਮੇਂ ਦੌਰਾਨ ਦੇ ਅਤੇ ਕਿਸਾਨ ਸੰਘਰਸ਼ ਦੇ ਸਮੇਂ ਦੌਰਾਨ ਦੇ ਪੈਸੇ ਵੀ ਮੰਗੇ ਗਏ ਸਨ ਜਿਸ ਤੋਂ ਅਸੀਂ ਕੋਰੀ ਨਾਂਹ ਕੀਤੀ ਹੈ ਕਿਉਂਕਿ ਇਹ ਕਾਨੂੰਨ ਵੀ ਕੇਂਦਰ ਨੇ ਬਣਾਏ ਸਨ ਇਸ ਲਈ ਪੈਸਿਆਂ ਦੀ ਮੰਗ ਵੀ ਉਨ੍ਹਾਂ ਕੋਲੋਂ ਹੀ ਕੀਤੀ ਜਾਵੇ। ਉਨ੍ਹਾਂ ਅੱਗੇ ਦਸਿਆ ਕਿ ਕੁੱਲ ਬੰਦ ਕੀਤੇ ਗਏ 10 ਟੋਲ ਪਲਾਜ਼ਿਆਂ ਤੋਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਦਿਨ 44 ਲੱਖ 43 ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ।

Leave a Reply

Your email address will not be published. Required fields are marked *