ਬੀਤੇ ਕੱਲ੍ਹ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਹਰਦੋ ਖਾਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਰ ਵਲੋਂ ਮ੍ਰਿਤਕ ਦੇ ਸਹੁਰੇ ਪਰਵਾਰ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮ੍ਰਿਤਕ ਦੀ ਪਹਿਚਾਣ ਚੇਤਨ ਭਾਰਗਵ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਵਲੋਂ ਸਹੁਰਾ ਪ੍ਰਵਾਰ ਦੇ 3 ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਅੱਜ ਪੀੜਤ ਪ੍ਰਵਾਰ ਵਲੋਂ ਮ੍ਰਿਤਕ ਚੇਤਨ ਦੀ ਲਾਸ਼ ਨੂੰ ਹੁਸ਼ਿਆਰਪੁਰ ਦੇ ਟਾਂਡਾ ਚੌਕ ‘ਚ ਰੱਖ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਪੁਲਿਸ ਰਾਜਸੀ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਵਾਰ ਨੇ ਦਸਿਆ ਕਿ ਚੇਤਨ ਦੇ ਵਿਆਹ ਨੂੰ 3 ਸਾਲ ਦਾ ਸਮਾਂ ਹੋਣ ਵਾਲਾ ਹੈ ਤੇ ਉਸ ਦੀ ਇਕ ਡੇਢ ਕੁ ਸਾਲ ਦੀ ਧੀ ਵੀ ਹੈ। ਚੇਤਨ ਹੁਸ਼ਿਆਰਪੁਰ ਦੇ ਮੁਹੱਲਾ ਕ੍ਰਿਸ਼ਨਾ ਨਗਰ ‘ਚ ਵਿਆਹਿਆ ਸੀ ਤੇ ਵਿਆਹ ਤੋਂ ਬਾਅਦ ਹੀ ਉਸ ਦੇ ਸਹੁਰਾ ਪ੍ਰਵਾਰ ਜਿਸ ਵਿਚ ਉਸ ਦੀ ਪਤਨੀ, ਸੱਸ ਅਤੇ ਸਾਲੇ ਵਲੋਂ ਉਸ ਨੂੰ ਆਪਣੇ ਕੋਲ ਯਾਨੀ ਘਰ ਜਵਾਈ ਬਣ ਕੇ ਰਹਿਣ ਲਈ ਦਬਾਅ ਪਾਇਆ ਜਾ ਰਿਹਾ ਸੀ। ਮ੍ਰਿਤਕ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਕਈ ਵਾਰ ਸਹੁਰਿਆਂ ਵਲੋਂ ਉਸ ਦੀ ਮਾਰਕੁੱਟ ਵੀ ਕੀਤੀ ਗਈ ਸੀ ਜਿਸ ਤੋਂ ਦੁਖੀ ਹੋ ਕੇ ਚੇਤਨ ਵਲੋਂ ਇਹ ਕਦਮ ਚੁਕਿਆ ਗਿਆ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਐਸ.ਐਚ.ਓ. ਸੁਖਜੀਵਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ‘ਚ ਕੋਈ ਵੀ ਢਿੱਲ ਮੱਠ ਨਹੀਂ ਦਿਖਾ ਰਹੀ ਹੈ।