ਰਣਜੀਤ ਸਾਗਰ ਡੈਮ ‘ਚ ਵਧਿਆ ਪਾਣੀ ਦਾ ਪੱਧਰ, ਦਰਿਆ ਦੇ ਕੰਢੇ ਤੋਂ ਦੂਰ ਰਹਿਣ ਦੀ ਅਪੀਲ

ਪਹਾੜਾਂ ‘ਚ ਪਿਛਲੇ 4 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੋ ਰਿਹਾ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਵੀ ਵਧਦਾ ਜਾ ਰਿਹਾ ਹੈ। ਸਿੰਚਾਈ ਵਿਭਾਗ ਦੇ ਐਸ.ਡੀ.ਓ ਪ੍ਰਦੀਪ ਕੁਮਾਰ ਨੇ ਦਸਿਆ ਕਿ ਰਣਜੀਤ ਸਾਗਰ ਡੈਮ ‘ਚ ਪਿਛਲੇ 24 ਘੰਟਿਆਂ ਵਿਚ ਝੀਲ ਦੇ ਪਾਣੀ ਦਾ ਪੱਧਰ 2 ਮੀਟਰ ਵਧਿਆ ਹੈ ਅਤੇ ਪਿਛਲੇ 4 ਦਿਨਾਂ ਵਿਚ ਪਾਣੀ ਦਾ ਪੱਧਰ ਲਗਭਗ 9 ਮੀਟਰ ਵਧਿਆ ਹੈ। ਇੰਨਾ ਹੀ ਨਹੀਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ ਅੱਜ 522 ਮੀਟਰ ਤਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਕੁੱਝ ਹੀ ਮੀਟਰ ਦੂਰ ਹੈ। ਦੱਸ ਦੇਈਏ ਕਿ ਰਣਜੀਤ ਸਾਗਰ ਡੈਮ ਦੀ ਝੀਲ ਦਾ ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ, ਜਿਸ ਕਾਰਨ ਪ੍ਰਸ਼ਾਸਨ ਵਲੋਂ ਝੀਲ ਦੇ ਪਾਣੀ ਦੇ ਪੱਧਰ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਲਗਾਤਾਰ ਵਧ ਰਹੇ ਪਾਣੀ ਕਾਰਨ ਪਾਕਿਸਤਾਨ ਨੂੰ ਰਾਵੀ ਦਰਿਆ ਰਾਹੀਂ ਪਾਣੀ ਛੱਡਣਾ ਪੈ ਰਿਹਾ ਹੈ, ਜਿਸ ਕਾਰਨ ਅੱਜ 13500 ਕਿਊਸਿਕ ਪਾਣੀ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲ ਛੱਡਿਆ ਗਿਆ ਹੈ। ਪ੍ਰਸ਼ਾਸ਼ਨ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਲੋਕ ਵੀ ਦਰਿਆ ਦੇ ਕੰਢੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *