ਚੰਡੀਗੜ੍ਹ ‘ਚ ਮੱਧ ਮਾਰਗ ‘ਤੇ ਟ੍ਰੈਫਿਕ ਜਾਮ, ਮਨੀਮਾਜਰਾ ‘ਚ ਟੁੱਟੀ ਪਾਈਪ ਲਾਈਨ, ਨਹੀਂ ਮਿਲੇਗੀ ਪਾਣੀ ਦੀ ਸਪਲਾਈ

ਚੰਡੀਗੜ੍ਹ ਵਿਚ ਹੁਣ ਮੌਸਮ ਸਾਫ਼ ਹੈ। ਜੇਕਰ ਮੀਂਹ ਨਾ ਪਿਆ ਤਾਂ ਪ੍ਰਸ਼ਾਸਨ ਵਲੋਂ ਅੱਜ ਤਕਰੀਬਨ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਸਟੇਡੀਅਮ ਚੌਂਕ ਵਿਖੇ ਸੈਕਟਰ 17 ਵੱਲ ਸਟੀਲ ਰੇਲਿੰਗ ਲਗਾ ਕੇ ਦੇਰ ਰਾਤ ਆਵਾਜਾਈ ਚਾਲੂ ਕਰ ਦਿਤੀ ਗਈ ਹੈ। ਸ਼ਹਿਰ ਵਿਚ ਪਿਛਲੇ ਸਮੇਂ ਵਿਚ 600 ਐਮਐਮ ਤੋਂ ਵੱਧ ਮੀਂਹ ਪਿਆ। ਇਸ ਕਾਰਨ ਕਰੀਬ 30 ਸੜਕਾਂ ਨੁਕਸਾਨੀਆਂ ਗਈਆਂ। ਇਨ੍ਹਾਂ ਵਿਚੋਂ 15 ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫਿਲਹਾਲ ਸ਼ਹਿਰ ਦਾ ਤਾਪਮਾਨ 30 ਡਿਗਰੀ ਹੈ। ਸ਼ਹਿਰ ਵਿਚ ਪਿਛਲੇ 24 ਘੰਟਿਆਂ ਤੋਂ ਮੀਂਹ ਨਹੀਂ ਪਿਆ ਹੈ। ਦੂਜੇ ਪਾਸੇ ਅੰਬਾਲਾ ‘ਚ ਘੱਗਰ ਨਦੀ ਦਾ ਪਾਣੀ ਜਮ੍ਹਾ ਹੋਣ ਕਾਰਨ ਪੱਛਮੀ ਰੇਲਵੇ ਨੇ ਚੰਡੀਗੜ੍ਹ ਤੋਂ ਜਾਣ ਵਾਲੀਆਂ 3 ਯਾਤਰੀ ਟਰੇਨਾਂ ਨੂੰ ਰੱਦ ਕਰ ਦਿਤਾ ਹੈ। ਰੇਲਵੇ ਨੇ ਚੰਡੀਗੜ੍ਹ ਬਾਂਦਰਾ ਐਕਸਪ੍ਰੈਸ, ਚੰਡੀਗੜ੍ਹ ਕੇਰਲਾ ਐਕਸਪ੍ਰੈਸ ਅਤੇ ਦੌਲਤਪੁਰ ਚੌਂਕ-ਸਾਬਰਮਤੀ ਐਕਸਪ੍ਰੈਸ ਨੂੰ ਰੱਦ ਕਰ ਦਿਤਾ ਹੈ। ਚੰਡੀਗੜ੍ਹ ‘ਚ ਅੱਜ ਮੱਧ ਮਾਰਗ ‘ਤੇ ਟ੍ਰੈਫਿਕ ਜਾਮ ਹੈ ਕਿਉਂਕਿ ਪੰਚਕੂਲਾ ਤੋਂ ਚੰਡੀਗੜ੍ਹ ਨੂੰ ਆਉਣ ਵਾਲੇ ਦੂਜੇ ਰਸਤੇ ‘ਤੇ ਰੇਲਵੇ ਪੁਲ ਹੇਠਾਂ ਪਾਣੀ ਭਰ ਜਾਣ ਕਾਰਨ ਇਸ ਨੂੰ ਬੰਦ ਕਰ ਦਿਤਾ ਗਿਆ ਹੈ। ਜਿਸ ਕਾਰਨ ਸਾਰਾ ਟਰੈਫਿਕ ਮੱਧ ਮਾਰਗ ਵਾਲੇ ਪਾਸੇ ਤੋਂ ਹੀ ਚੰਡੀਗੜ੍ਹ ਵਿਚ ਦਾਖ਼ਲ ਹੋ ਰਿਹਾ ਹੈ। ਇਸ ਕਾਰਨ ਟਰਾਂਸਪੋਰਟ ਲਾਈਟ, ਮਨੀਮਾਜਰਾ ਲਾਈਟ ਪੁਆਇੰਟ ’ਤੇ ਟਰੈਫਿਕ ਜਾਮ ਹੈ। ਟ੍ਰਿਬਿਊਨ ਚੌਕ ’ਤੇ ਵੀ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਸੈਕਟਰ 14 ਅਤੇ 15 ਵਿਚਕਾਰ ਡਿਵਾਈਡਿੰਗ ਰੋਡ ਬੰਦ ਹੋਣ ਕਾਰਨ ਪੀਜੀਆਈ ਚੌਕ ’ਤੇ ਵੀ ਜਾਮ ਦੀ ਸਥਿਤੀ ਬਣੀ ਹੋਈ ਹੈ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਟੁੱਟਣ ਕਾਰਨ ਵੀਰਵਾਰ ਤੱਕ ਮਨੀਮਾਜਰਾ ਵਿਚ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਉਦੋਂ ਤੱਕ ਟੈਂਕਰਾਂ ਰਾਹੀਂ ਪਾਣੀ ਦਿਤਾ ਜਾਵੇਗਾ।

Leave a Reply

Your email address will not be published. Required fields are marked *