ਲਾਹੌਰ : ਭਾਰੀ ਮੀਂਹ ਕਾਰਨ ਲਾਹੌਰ ਦੇ ਨਜ਼ਦੀਕੀ ਪਿੰਡ ਜਾਹਮਣ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦੀ ਇਕ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਸ਼ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਤੋਂ ਹੀ ਇਸ ਗੁਰੂਘਰ ਵੱਲ ਸਰਕਾਰ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਹੁਣ ਇਸ ਗੁਰਦੁਆਰਾ ਸਾਹਿਬ ਦੀ ਸਿਰਫ਼ ਇੱਕ ਕੰਧ ਖੜ੍ਹੀ ਰਹਿ ਗਈ ਹੈ। ਇਹ ਗੁਰਦੁਆਰਾ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨਾਲ ਇੱਥੇ ਆਪਣੇ ਚਰਨ ਪਾਏ ਸਨ। ਪਿੰਡ ਜਾਹਮਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਡੇਰਾ ਚਾਹਲ ਦੇ ਨੇੜੇ ਸਥਿਤ ਹੈ ਤੇ ਗੁਰੂ ਜੀ ਇਸ ਪਿੰਡ ‘ਚ ਵੀ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ ਕਿਉਂਕਿ ਇਹ ਉਨ੍ਹਾਂ ਦੇ ਨਾਨਕੇ ਪਿੰਡ ਦੇ ਰਾਹ ‘ਚ ਪੈਂਦਾ ਸੀ। ਕਿਸੇ ਵੇਲੇ ਇਸ ਗੁਰਦੁਆਰਾ ਸਾਹਿਬ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚਦੇ ਸਨ ਪਰ ਪਾਕਿਸਤਾਨ ਸਰਕਾਰ ਵੱਲੋਂ ਇਸ ਦੀ ਮੁਰੰਮਤ ਨਾ ਕੀਤੇ ਜਾਣ ਕਰਕੇ ਇਸ ਦੀ ਇਮਾਰਤ ਦੀ ਹਾਲਤ ਨਿਰੰਤਰ ਖ਼ਸਤਾ ਹੁੰਦੀ ਚਲੀ ਗਈ। ਪਾਕਿਸਤਾਨ ਦੇ ਇਤਿਹਾਸਕਾਰ ਇਮਰਾਨ ਵਿਲੀਅਮ ਨੇ ਸੋਮਵਾਰ ਨੂੰ ਘਟਨਾ-ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਹ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰੂਘਰ ਦੀ ਇਮਾਰਤ ਬਣਵਾਉਣ ਦੀ ਬੇਨਤੀ ਸਰਕਾਰ ਨੂੰ ਬਹੁਤ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਪਰ ਪਾਕਿ ਸਰਕਾਰ ਨੇ ਇਸ ਪਾਸੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ।