ਚੰਡੀਗੜ੍ਹ (ਭੁੱਲਰ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ PTC ਚੈਨਲ ਬਾਹਰ ਕੱਢਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ SGPC ਵਲੋਂ ਯੂਟਿਊਬ ਦੀਆਂ ਡੰਗ ਟਪਾਊ ਗੱਲਾਂ ਕਰਨ ਦੀ ਬਿਜਾਏ ਸਿੱਧੇ ਤੌਰ ’ਤੇ ਅਪਣਾ ਸੈਟੇਲਾਈਟ ਚੈਨਲ ਚਲਾਏ ਨਾ ਕਿ ਬਾਦਲਾਂ ਦੇ PTC ਚੈਨਲ ਨੂੰ ਕਿਸੇ ਨਵੇਂ ਬਰਾਂਡ ਵਜੋਂ ਚਲਾਉਣ ਦਾ ਰਾਹ ਪੱਧਰਾ ਕਰੇ। ਉਨ੍ਹਾਂ ਕਿਹਾ ਕਿ ਯੂਟਿਊਬ ਚੈਨਲ ਚਲਾ ਕੇ SGPC ਸਿੱਖ ਸੰਗਤਾਂ ਨੂੰ ਸਜ਼ਾ ਦੇਣ ਵਾਲਾ ਕੰਮ ਨਾ ਕਰੇ। ਸ਼੍ਰੋੋਮਣੀ ਕਮੇਟੀ ਨੂੰ ਅਪਣੀ ਬੇਬਸੀ ਤੇ ਸੰਗਤਾਂ ਦੇ ਦਬਾਅ ਕਾਰਨ PTC ਚੈਨਲ ਨੂੰ ਬਾਹਰ ਕਢਣਾ ਪਿਆ ਜਿਸ ਦਾ ਬਦਲਾ ਹੁਣ ਉਹ ਸਿੱਖ ਕੌਮ ਕੋਲੋਂ ਯੂਟਿਊਬ ਚੈਨਲ ਚਲਾ ਕੇ ਲੱਖਾਂ ਸਿੱਖ ਤੇ ਸ਼ਰਧਾਲੂਆਂ ਨੂੰ ਗੁਰਬਾਣੀ ਸੁਣਨ ਤੋਂ ਵਾਂਝੇ ਰਹਿ ਜਾਣਗੇ। ਭੋਮਾ ਨੇ ਕਿਹਾ ਕਿ ਕਈ ਬਜ਼ੁਰਗ ਤੇ ਸਿੱਖ ਪ੍ਰਵਾਰ ਤੇ ਸ਼ਰਧਾਲੂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਐਂਡਰਾਇਡ ਫ਼ੋਨ ਨਹੀਂ ਹਨ ਉਹ ਯੂਟਿਊਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਨ ਕਿਸ ਤਰ੍ਹਾਂ ਸੁਣ ਸਕਣਗੇ? ਜਿਹੜੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਫ਼ੋਨ ਇਸਤੇਮਾਲ ਕਰਨਾ ਨਹੀਂ ਆਉਂਦਾ ਉਹ ਵੀ ਗੁਰਬਾਣੀ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ SGPC ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਦੀਆ ਭਾਵਨਾਵਾਂ ਤੇ ਸ਼ਰਧਾ ਨਾਲ ਖਿਲਵਾੜ ਨਾ ਕਰੋ ਤੇ ਸਿੱਧੇ ਤੌਰ ’ਤੇ ਸੈਟੇਲਾਈਟ ਚੈਨਲ ਚਲਾ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਅਤੇ ਵੱਧ ਤੋਂ ਵੱਧ ਦੁਨੀਆਂ ਦੇ ਕੋਨੇ-ਕੋਨੇ ਵਿਚ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ। ਉਨ੍ਹਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਚਲਾਉਣ ਵਿਚ ਕੋਈ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਧਾਰਮਕ ਸ਼ਖ਼ਸੀਅਤਾਂ, ਟੀਵੀ ਚੈਨਲਾਂ ਦੇ ਮਾਲਕਾਂ, ਅਮੀਰ ਸਿੱਖਾਂ ਤੇ ਤਕਨੀਸ਼ੀਅਨਾਂ ਦੀ ਇਕ ਸਾਂਝੀ ਮੀਟਿੰਗ ਬਿਨਾਂ ਦੇਰੀ ਦੇ ਸਮੁੰਦਰੀ ਹਾਲ ਬੁਲਾ ਲੈਣੀ ਚਾਹੀਦੀ ਹੈ।