ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੋਡ ‘ਤੇ ਦੋ ਮੋਟਰ ਸਾਈਕਲ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਦੋ ਬਾਈਕ ਸਵਾਰਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 3 ਨੌਜੁਆਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 4 ਨੌਜੁਆਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਟਾਲਾ ਵੱਲ ਜਾ ਰਹੇ ਸਨ। ਜਦੋਂ ਉਹ ਦਾਣਾ ਮੰਡੀ ਨੇੜੇ ਪੁੱਜੇ ਤਾਂ ਬਟਾਲਾ ਵਲੋਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਵਿੱਚ ਦੋ ਨੌਜੁਆਨ ਸਵਾਰ ਸਨ। ਹਾਦਸੇ ‘ਚ ਵਾਰਡ ਨੰਬਰ 10 ਨਿਵਾਸੀ ਪ੍ਰਦੀਪ ਸ਼ਰਮਾ ਪੁੱਤਰ ਸਾਜਨ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿੱਕੂ ਪੁੱਤਰ ਮਹਿੰਦਰਪਾਲ, ਵਿਸ਼ਾਲ ਪੁੱਤਰ ਸੁੱਚਾ ਸਿੰਘ ਅਤੇ ਅੰਸ਼ੂ ਪੁੱਤਰ ਪਵਨ ਕੁਮਾਰ ਵਾਸੀ ਵਾਰਡ 10 ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ 108 ਐਂਬੂਲੈਂਸ ਨੇ ਨੌਜੁਆਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿਤੀ। ਮ੍ਰਿਤਕ ਅਤੇ ਜ਼ਖਮੀ ਨੌਜੁਆਨਾਂ ਦੀ ਉਮਰ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।