ਬੰਗਲਾਦੇਸ਼ ਦੇ ਦਖਣੀ-ਪਛਮੀ ਹਿੱਸੇ ’ਚ ਸਨਿਚਰਵਾਰ ਨੂੰ ਇਕ ਬਸ ਦੇ ਸੜਕ ਤੋਂ ਫਿਸਲ ਕੇ ਤਲਾਬ ’ਚ ਡਿੱਗ ਜਾਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਇਹ ਹਾਦਸਾ ਝਾਲਾਕਾਠੀ ਜ਼ਿਲ੍ਹੇ ’ਚ ਉਦੋਂ ਵਾਪਰਿਆ ਜਦੋਂ ਬਸ 60 ਲੋਕਾਂ ਨੂੰ ਲੈ ਕੇ ਭੰਡਾਰੀਆ ਉਪ ਜ਼ਿਲ੍ਹੇ ਤੋਂ ਦਖਣੀ-ਪਛਮੀ ਡਿਵੀਜ਼ਨ ਦੇ ਮੁੱਖ ਦਫ਼ਤਰ ਬਾਰਿਸਾਲ ਜਾ ਰਹੀ ਸੀ। ਉਸ ਨੇ ਕਿਹਾ ਕਿ ਡਰਾਈਵਰ ਦਾ ਗੱਡੀ ’ਤੇ ਕਾਬੂ ਨਹੀਂ ਰਿਹਾ ਜਿਸ ਤੋਂ ਬਾਅਦ ਬਸ ਫਿਸਲ ਕੇ ਤਲਾਬ ’ਚ ਡਿੱਗ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਗੋਤਾਖੋਰਾਂ ਨੇ 17 ਲਾਸ਼ਾਂ ਕਢੀਆਂ ਹਨ ਅਤੇ ਪੁਲਿਸ ਕ੍ਰੇਨ ਦੀ ਮਦਦ ਨਾਲ ਬਸ ਨੂੰ ਤਲਾਬ ’ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰੀ ਮੀਂਹ ਕਾਰਨ ਤਲਾਬ ਪਾਣੀ ਨਾਲ ਪੂਰਾ ਭਰਿਆ ਹੈ।’’ ਪੁਲਿਸ ਸਬ ਇੰਸਪੈਕਟਰ ਗੌਤਮ ਕੁਮਾਰ ਘੋਸ਼ ਨੇ ਕਿਹਾ ਕਿ ਮ੍ਰਿਤਕਾਂ ’ਚੋਂ ਅੱਠ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਚਾਅ ਮੁਹਿੰਮ ਪੂਰੀ ਹੋ ਜਾਣ ਤੋਂ ਬਾਅਦ ਬਸ ਅੰਦਰੋਂ ਹੋਰ ਲਾਸ਼ਾਂ ਮਿਲ ਸਕਦੀਆਂ ਹਨ। ਝਾਲਾਕਾਠੀ ਦੇ ਮੁੱਖ ਸਰਕਾਰੀ ਹਸਪਤਾਲ ’ਚ 20 ਹੋਰ ਲੋਕਾਂ ਦਾ ਇਲਾਜ ਚਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬਸ ਅੰਦਰ 65 ਲੋਕ ਸਵਾਰ ਸਨ। ਹਾਦਸੇ ਸਮੇਂ ਜ਼ਖ਼ਮੀ 35 ਸਾਲਾਂ ਦਾ ਯਾਤਰੀ ਰੂਸੇਲ ਮੁੱਲਾਹ ਨੇ ਕਿਹਾ, ‘‘ਮੈਂ ਡਰਾਈਵਰ ਦੀ ਸੀਟ ਨੇੜੇ ਹੀ ਬੈਠਾ ਸੀ। ਬਸ ਚਲਾਉਂਦੇ ਸਮੇਂ ਸ਼ਾਇਦ ਡਰਾਈਵਰ ਨੂੰ ਨੀਂਦ ਆ ਗਈ ਸੀ।’’ ਇਸ ਹਾਦਸੇ ’ਚ ਮੁੱਲਾਹ ਦੇ ਪਿਤਾ ਦੀ ਜਾਨ ਚਲੀ ਗਈ ਜਦਕਿ ਉਸ ਦਾ ਭਰਾ ਅਜੇ ਵੀ ਲਾਪਤਾ ਹੈ।