ਸੰਗਰੂਰ ਦੇ ਲਹਿਰਾਗਾਗਾ ‘ਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਸੀਵਰੇਜ ਟੈਂਕੀ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ‘ਚ ਚੜਨ ਕਾਰਨ 1 ਸਵੀਪਰ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 3 ਦੇ ਵਾਟਰ ਵਰਕਸ ਨੇੜੇ ਸੀਵਰੇਜ ਦੀ ਸਫ਼ਾਈ ਕਰਨ ਲਈ ਸੀਵਰੇਜ ਦੇ ਮੇਨ ਹੋਲ ਵਿਚ ਦਾਖਲ ਹੋਏ ਸਫ਼ਾਈ ਕਰਮਚਾਰੀ ਸੁਖਵਿੰਦਰ ਸਿੰਘ ਹੈਪੀ ਨੂੰ ਗੈਸ ਚੜ੍ਹ ਗਈ, ਜਿਸ ਤੋਂ ਬਾਅਦ ਇੱਕ ਹੋਰ ਸਫ਼ਾਈ ਕਰਮਚਾਰੀ ਸੋਨੂੰ ਉਸ ਨੂੰ ਬਚਾਉਣ ਲਈ ਸੀਵਰੇਜ ਵਿਚ ਜਾ ਡਿੱਗਾ ਅਤੇ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਇਕ ਹੋਰ ਵਾਟਰ ਸਪਲਾਈ ‘ਤੇ ਕੰਮ ਕਰ ਰਹੇ ਪ੍ਰਮੋਦ ਕੁਮਾਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੈਸ ਚੜਨ ਕਾਰਨ ਸੀਵਰੇਜ ‘ਚ ਡਿੱਗ ਗਿਆ। ਤਿੰਨ ਮਜ਼ਦੂਰ ਬੇਹੋਸ਼ ਹੋ ਜਾਣ ਕਾਰਨ ਰੌਲਾ ਪੈ ਗਿਆ। ਤੁਰੰਤ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦੇ ਪਹੁੰਚਦਿਆਂ ਹੀ ਡਾਕਟਰ ਨੇ ਸੁਖਵਿੰਦਰ ਸਿੰਘ ਹੈਪੀ ਨੂੰ ਮ੍ਰਿਤਕ ਐਲਾਨ ਦਿਤਾ, ਜਦਕਿ ਵਿਨੋਦ ਕੁਮਾਰ ਅਤੇ ਸੋਨੂੰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰੈਫਰ ਕਰ ਦਿਤਾ ਗਿਆ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸਫ਼ਾਈ ਕਰਮਚਾਰੀਆਂ ‘ਚ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ।