ਮਹਾਰਾਸ਼ਟਰ ਦੇ ਠਾਣੇ ‘ਚ ਸਮ੍ਰਿਧੀ ਐਕਸਪ੍ਰੈਸ ਹਾਈਵੇਅ ‘ਤੇ ਸੋਮਵਾਰ ਦੇਰ ਰਾਤ ਇੱਕ ਹਾਦਸਾ ਵਾਪਰਿਆ। ਸ਼ਾਹਪੁਰ ਨੇੜੇ ਸਰਲਾਂਬੇ ਵਿਖੇ ਹਾਈਵੇਅ ‘ਤੇ ਪੁਲ ਦੇ ਨਿਰਮਾਣ ਦੌਰਾਨ ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ। ਹਾਈਵੇਅ ’ਤੇ ਰਾਤ ਸਮੇਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 1:30 ਵਜੇ ਗਰਡਰ ਮਸ਼ੀਨ 100 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਇਸ ਦੇ ਹੇਠਾਂ ਅਜੇ ਵੀ ਕੁਝ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। NDRF ਦੇ ਸਹਾਇਕ ਕਮਾਂਡਰ ਸਾਰੰਗ ਕੁਰਵੇ ਨੇ ਦਸਿਆ ਕਿ ਸਵੇਰੇ 5:30 ਵਜੇ ਤੋਂ ਬਚਾਅ ਕਾਰਜ ਚੱਲ ਰਿਹਾ ਹੈ। ਦਰਅਸਲ, ਗਰਡਰ ਮਸ਼ੀਨ ਦਾ ਭਾਰ ਜ਼ਿਆਦਾ ਹੋਣ ਕਾਰਨ ਇਸ ਨੂੰ ਜਲਦੀ ਨਹੀਂ ਹਟਾਇਆ ਜਾ ਸਕਿਆ। ਸਵੇਰੇ 8 ਵਜੇ ਦੇ ਕਰੀਬ ਕਰੇਨ ਦੇ ਆਉਣ ਤੋਂ ਬਾਅਦ ਹੀ ਬਚਾਅ ਕਾਰਜ ਨੇ ਤੇਜ਼ੀ ਫੜ ਲਈ। ਰਿਪੋਰਟਾਂ ਮੁਤਾਬਕ 15 ਲਾਸ਼ਾਂ ਨੂੰ ਸ਼ਾਹਪੁਰ ਉਪ-ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ।