ਕਾਂਗਰਸ ਨੇ ਉਦੈਪੁਰ ਦੇ ਅਪਣੇ ‘ਚਿੰਤਨ ਕੈਂਪ’ ਅਤੇ ਰਾਏਪੁਰ ਦੇ ਸੰਮੇਲਨ ’ਚ ਭਾਵੇਂ ਸੰਗਠਨ ਦੇ ਸਾਰੇ ਪੱਧਰਾਂ ’ਤੇ 50 ਫ਼ੀ ਸਦੀ ਥਾਂਵਾਂ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ (50 ਅੰਡਰ 50) ਦੇ ਫ਼ਾਰਮੂਲੇ ਦੀ ਗੱਲ ਕੀਤੀ ਹੋਵੇ, ਪਰ ਐਤਵਾਰ ਨੂੰ ਐਲਾਨੀ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ’ਚ ਜਿਨ੍ਹਾਂ 39 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ, ਉਨ੍ਹਾਂ ’ਚੋਂ ਸਿਰਫ਼ ਤਿੰਨ ਆਗੂ ਹੀ 50 ਸਾਲ ਤੋਂ ਘੱਟ ਉਮਰ ਦੇ ਹਨ। ਇਹ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ, ਲੋਕ ਸਭਾ ’ਚ ਪਾਰਟੀ ਦੇ ਉਪ ਆਗੂ ਗੌਰਵ ਗੋਗੋਈ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਕਮਲੇਸ਼ਵਰ ਪਟੇਲ ਹਨ। ਕਾਂਗਰਸ ਵਰਕਿੰਗ ਕਮੇਟੀ ’ਚ ਇਸ ਵਾਰੀ ਪਾਰਟੀ ਦੀ ਸਰਕਾਰ ਵਾਲੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਪਹਿਲਾਂ ਆਮ ਤੌਰ ’ਤੇ ਕਾਂਗਰਸ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ’ਚੋਂ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ’ਚ ਥਾਂ ਦਿਤੀ ਜਾਂਦੀ ਰਹੀ ਹੈ। ਮੌਜੂਦਾ ਸਮੇਂ ’ਚ ਕਾਂਗਰਸ ਦੀ ਚਾਰ ਸੂਬਿਆਂ- ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ’ਚ ਸਰਕਾਰਾਂ ਹਨ। ਇਨ੍ਹਾਂ ’ਚੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੀ ਗਿਣਤੀ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ’ਚ ਹੁੰਦੀ ਹੈ। ਕਾਂਗਰਸ ਨੇ ਇਸ ਸਾਲ ਫਰਵਰੀ ’ਚ ਅਪਣੇ ਰਾਏਪੁਰ ਸੰਮੇਲਨ ’ਚ ਅਪਣੇ ਸੰਵਿਧਾਨ ’ਚ ਸੋਧ ਕੀਤੀ ਸੀ, ਜਿਸ ਮੁਤਾਬਕ ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 23 ਤੋਂ ਵਧਾ ਕੇ 35 ਕਰ ਦਿਤੀ ਗਈ ਸੀ। ਕਾਂਗਰਸ ਦੇ ਸੰਵਿਧਾਨ ’ਚ ਇਹ ਵੀ ਵਿਵਸਥਾ ਹੈ ਕਿ ਪਾਰਟੀ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਪਾਰਟੀ ਨਾਲ ਸਬੰਧਤ ਮੌਜੂਦਾ ਜਾਂ ਸਾਬਕਾ ਪ੍ਰਧਾਨ ਮੰਤਰੀ ਅਪਣੇ ਆਪ ਹੀ ਵਰਕਿੰਗ ਕਮੇਟੀ ਦੇ ਮੈਂਬਰ ਹਨ। ਇਸ ਵਾਰ ਵਰਕਿੰਗ ਕਮੇਟੀ ਦੇ 39 ਮੈਂਬਰਾਂ ’ਚੋਂ ਸਿਰਫ਼ ਤਿੰਨ ਮੈਂਬਰ ਹੀ 50 ਸਾਲ ਤੋਂ ਘੱਟ ਉਮਰ ਦੇ ਹਨ। ਸਚਿਨ ਪਾਇਲਟ 46 ਸਾਲ ਦੇ ਹਨ, ਗੌਰਵ ਗੋਗੋਈ 43 ਅਤੇ ਕਮਲੇਸ਼ਵਰ ਪਟੇਲ 49 ਸਾਲ ਦੇ ਹਨ। ਵਰਕਿੰਗ ਕਮੇਟੀ ਦੇ ਮੁੱਖ ਚਿਹਰੇ ਰਾਹੁਲ ਗਾਂਧੀ ਦੀ ਉਮਰ 53 ਸਾਲ ਹੈ, ਜਦਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 51 ਸਾਲ ਦੀ ਹੈ। ਕਾਂਗਰਸ ਨੇ ਅਪਣੇ ਨਵੇਂ ਸੀ.ਡਬਲਿਊ.ਸੀ. ’ਚ ਹਮੇਸ਼ਾ ਵਾਂਗ ਸੀਨੀਅਰ ਨੇਤਾਵਾਂ ਨੂੰ ਤਰਜੀਹ ਦਿਤੀ ਹੈ। ਸੀ.ਡਬਲਿਊ.ਸੀ. ’ਚ ਸ਼ਾਮਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 90 ਸਾਲ ਦੇ ਹਨ, ਜਦਕਿ ਸੀਨੀਅਰ ਨੇਤਾ ਏ.ਕੇ. ਐਂਟਨੀ 82, ਅੰਬਿਕਾ ਸੋਨੀ 80 ਅਤੇ ਮੀਰਾ ਕੁਮਾਰ 78 ਸਾਲ ਦੇ ਹਨ। ਪਾਰਟੀ ਪ੍ਰਧਾਨ ਖੜਗੇ ਖੁਦ 81 ਸਾਲ ਦੇ ਹਨ, ਜਦਕਿ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ 76 ਸਾਲ ਦੇ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਤੌਰ ‘ਤੇ ਸੱਦੇ ਗਏ ਮੈਂਬਰਾਂ ਵਿੱਚ ਮਣਿਕਮ ਟੈਗੋਰ (48), ਦੀਪੇਂਦਰ ਹੁੱਡਾ (45), ਮੀਨਾਕਸ਼ੀ ਨਟਰਾਜਨ (50) ਅਤੇ ਕਨ੍ਹਈਆ ਕੁਮਾਰ (36) ਸਾਲਾਂ ਦੇ ਹਨ। ਕਾਂਗਰਸ ਦੀ ਯੂਥ ਜਥੇਬੰਦੀ ਐਨ.ਐਸ.ਯੂ.ਆਈ. ਦੇ ਇੰਚਾਰਜ ਕਨ੍ਹਈਆ ਕੁਮਾਰ ਨੂੰ ਵਰਕਿੰਗ ਕਮੇਟੀ ’ਚ ਥਾਂ ਦਿਤੀ ਗਈ ਹੈ ਪਰ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵਰੂ ਨੂੰ ਵਰਕਿੰਗ ਕਮੇਟੀ ’ਚ ਥਾਂ ਨਹੀਂ ਮਿਲੀ। ਉਦੈਪੁਰ ਚਿੰਤਨ ਸ਼ਿਵਿਰ ਅਤੇ ਰਾਏਪੁਰ ਸੈਸ਼ਨ ਵਿਚ ਮਤੇ ਦੇ ਬਾਵਜੂਦ 50 ਸਾਲ ਤੋਂ ਘੱਟ ਉਮਰ ਦੇ ਨੇਤਾਵਾਂ ਲਈ ਵਰਕਿੰਗ ਕਮੇਟੀ ਵਿਚ 50 ਫੀ ਸਦੀ ਸੀਟਾਂ ਨਾ ਮਿਲਣ ’ਤੇ ਇਕ ਨੌਜਵਾਨ ਕਾਂਗਰਸੀ ਨੇਤਾ ਨੇ ਕਿਹਾ, ”ਇਹ ਯਕੀਨੀ ਤੌਰ ’ਤੇ ਨਿਰਾਸ਼ਾਜਨਕ ਹੈ। ਸੀਨੀਅਰ ਆਗੂਆਂ ਦਾ ਪੂਰਾ ਸਤਿਕਾਰ ਹੈ ਪਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਿੰਗ ਕਮੇਟੀ ਵਿੱਚ ਨੌਜਵਾਨਾਂ ਨੂੰ ਵਧੇਰੇ ਥਾਂ ਮਿਲਣੀ ਚਾਹੀਦੀ ਸੀ।’’ ਇਸ ਸਬੰਧੀ ਪੁੱਛੇ ਸਵਾਲ ‘ਤੇ ਕਾਂਗਰਸ ਦੇ ਇਕ ਅਹੁਦੇਦਾਰ ਨੇ ਕਿਹਾ, ‘‘ਕਾਂਗਰਸ ਲੀਡਰਸ਼ਿਪ ਨੇ ਨਵੀਂ ਵਰਕਿੰਗ ਕਮੇਟੀ ’ਚ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਦੀ ਸ਼ਮੂਲੀਅਤ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਅਜਿਹੇ ਆਗੂਆਂ ਨੂੰ ਵਰਕਿੰਗ ਕਮੇਟੀ ’ਚ ਥਾਂ ਦਿਤੀ ਗਈ ਹੈ, ਜਿਨ੍ਹਾਂ ਦੀ ਉਮਰ 50 ਤੋਂ 55 ਦੇ ਵਿਚਕਾਰ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਭਰੋਸਾ ਹੈ ਕਿ ਪਾਰਟੀ ਲੀਡਰਸ਼ਿਪ ਸੰਗਠਨ ਦੇ ਹੋਰ ਪੱਧਰਾਂ ’ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੇਵੇਗੀ।’’