ਤਰਨਤਾਰਨ ਦੇ ਮੁੰਡਾ ਪਿੰਡ ‘ਚ ਨਸ਼ੇ ਦੀ ਓਵਰਡੋਜ਼ ਨੇ ਇਕ ਨਾਬਾਲਗ ਦੀ ਜਾਨ ਲੈ ਲਈ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਵਿਚ ਨਸ਼ਾ ਆਮ ਹੀ ਮਿਲਦਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇਥੇ ਨਸ਼ਾ ਖਰੀਦਣ ਆਉਂਦੇ ਹਨ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਉਹ ਸਿਰਫ਼ 17 ਸਾਲਾਂ ਦਾ ਸੀ। ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਨਾਬਾਲਗ ਵਾਰ-ਵਾਰ ਟੀਕਾ ਲਗਾਉਣ ਲੱਗ ਜਾਂਦਾ ਸੀ। ਪਰਿਵਾਰ ਦੇ ਸਾਰੇ ਮੈਂਬਰ ਹੁਣ ਸਰਕਾਰ, ਨਸ਼ਾ ਤਸਕਰਾਂ ਅਤੇ ਹੈਰੋਇਨ ਦੇ ਸੌਦਾਗਰਾਂ ਨੂੰ ਕੋਸ ਰਹੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਵਿਚੋਂ ਨਸ਼ਾ ਖ਼ਤਮ ਕਰਨ ਦੇ ਸਰਕਾਰ ਦੇ ਦਾਅਵੇ ਝੂਠੇ ਨਿਕਲੇ। ‘ਆਪ’ ਸਰਕਾਰ ‘ਤੇ ਵਿਸ਼ਵਾਸ ਸੀ ਕਿ ਇਹ ਨਸ਼ਾ ਖ਼ਤਮ ਕਰ ਦੇਵੇਗੀ, ਪਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਨਸ਼ੇ ਪਹਿਲਾਂ ਵਾਂਗ ਵਿਕ ਰਹੇ ਹਨ। ਬੱਚੇ, ਨੌਜਵਾਨ ਅਤੇ ਬਜ਼ੁਰਗ ਸਭ ਨਸ਼ੇ ਦੇ ਆਦੀ ਹਨ।