ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿਚ ਬੰਦ 17 ਭਾਰਤੀਆਂ ਨੂੰ ਦੇਰ ਰਾਤ ਭਾਰਤ ਸੁਰੱਖਿਅਤ ਵਾਪਸ ਲਿਆਂਦਾ ਗਿਆ। ਕੁਝ ਟ੍ਰੈਵਲ ਏਜੰਟਾਂ ਵੱਲੋਂ ਧੋਖਾ ਦਿੱਤੇ ਜਾਣ ਦੇ ਬਾਅਦ ਉਹ ਲੀਬੀਆ ਵਿਚ ਫਸ ਗਏ ਸਨ। ਕੁਝ ਸਮੇਂ ਉਨ੍ਹਾਂ ਤੋਂ ਮਜ਼ਦੂਰੀ ਕਰਵਾਈ ਗਈ 3-4 ਦਿਨ ਵਿਚ ਇਕ ਵਾਰ ਖਾਣਾ ਦਿੱਤਾ ਗਿਆ। ਇਨ੍ਹਾਂ 17 ਵਿਚੋਂ ਜ਼ਿਆਦਾਤਰ ਨੌਜਵਾਨ ਪੰਜਾਬ-ਹਰਿਆਣਾ ਦੇ ਰਹਿਣ ਵਾਲੇ ਹਨ। ਦੇਰ ਰਾਤ ਜਦੋਂ 17 ਨੌਜਵਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਹੋਏ ਤਾਂ ਕੋਈ ਆਪਣੇ ਮਾਤਾ-ਪਿਤਾ ਦੇ ਗਲੇ ਮਿਲ ਰੋ ਰਿਹਾ ਸੀ ਤਾਂ ਕੋਈ ਆਪਣੀ ਪਤਨੀ ਤੇ ਬੱਚਿਆਂ ਨਾਲ ਗਲੇ ਲੱਗ ਮਿਲਿਆ। ਲੀਬੀਆ ਦੀ ਜੇਲ੍ਹ ਵਿਚ ਜੀਊਣ ਦੀ ਆਸ ਛੱਡ ਚੁੱਕੇ ਇਨ੍ਹਾਂ 17 ਨੌਜਵਾਨਾਂ ਲਈ ਇਹ ਪੁਨਰਜਨਮ ਤੋਂ ਘੱਟ ਨਹੀਂ ਸੀ। ਲੀਬੀਆ ਦੀ ਜੇਲ੍ਹ ਵਿਚ ਇਹ ਨੌਜਵਾਨ ਲਗਭਗ 6 ਮਹੀਨੇ ਰਹੇ। ਸਾਰੇ ਭਾਰਤੀ ਇਟਲੀ ਵਿਚ ਜੌਬ ਦੇ ਸੁਪਨੇ ਲੈ ਕੇ ਭਾਰਤ ਤੋਂ ਗਏ ਸਨ। ਟ੍ਰੈਵਲ ਏਜੰਟਾਂ ਦੇ ਧੋਖੇ ਨੇ ਇਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਨੂੰ ਦੁਬਈ ਲਿਜਾਇਆ ਗਿਆ। ਉਥੇ ਕੁਝ ਸਮਾਂ ਕੰਮ ਕਰਨ ਤੇ ਰਹਿਣ ਦੇ ਬਾਅਦ ਇਜਿਪਟ (ਮਿਸਰ) ਲਿਆਂਦਾ ਗਿਆ ਇਥੇ ਕੁਝ ਸਮਾਂ ਰੁਕਣ ਦੇ ਬਾਅਦ ਇਨ੍ਹਾਂ ਨੂੰ ਲੀਬੀਆ ਪਹੁੰਚਾ ਦਿੱਤਾ ਗਿਆ। ਟ੍ਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਲੀਬੀਆ ਛੱਡ ਦਿੱਤਾ ਜਿਥੇ ਕੁਝ ਹਥਿਆਰਬੰਦ ਨੌਜਵਾਨਾਂ ਦੇ ਗਰੁੱਪ ਨੇ ਇਨ੍ਹਾਂ ਨੂੰ ਬੰਦੀ ਬਣਾ ਲਿਆ। ਇਨ੍ਹਾਂ ਨੂੰ 3-4 ਦਿਨ ਵਿਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਉਨ੍ਹਾਂ ਨਾਲ ਮਾਰਕੁੱਟ ਹੁੰਦੀ ਸੀ। ਲੀਬੀਆ ਵਿਚ ਫਸੇ ਇਨ੍ਹਾਂ ਨੌਜਵਾਨਾਂ ਨੇ ਸਾਂਸਦ ਵਿਕਰਮਜੀਤ ਸਾਹਨੀ ਦਾ ਧੰਨਵਾਦ ਕੀਤਾ। ਨੌਜਵਾਨਾਂ ਦਾ ਕਹਿਣਾ ਸੀ ਕਿ ਸਾਰਿਆਂ ਨੇ ਸੋਸ਼ਲ ਮੀਡੀਆ ‘ਤੇ ਮੰਤਰੀਆਂ ਤੇ ਦੇਸ਼ ਦੇ ਨੇਤਾਵਾਂ ਨਾਲ ਸੰਪਰਕ ਸਾਧਿਆ ਪਰ ਉਹ ਸਿਰਫ ਸੋਸ਼ਲ ਮੀਡੀਆ ‘ਤੇ ਆਪਣੀ ਮਸ਼ਹੂਰੀ ਕਰਦੇ ਹਨ। ਇਕ ਵੀ ਨੇਤਾ ਨੇ ਉਨ੍ਹਾਂ ਦੀ ਗੱਲ ‘ਤੇ ਗੌਰ ਨਹੀਂ ਕੀਤਾ ਤੇ ਨਾ ਹੀ ਜਵਾਬ ਦਿੱਤਾ। ਪਰ ਵਿਕਰਮਜੀਤ ਸਾਹਨੀ ਨੂੰ ਸਿਰਫ ਇਕ ਵਾਰ ਮੈਸੇਜ ਛੱਡਿਆ ਗਿਆ, ਇਸ ਦੇ ਬਾਅਦ ਉਨ੍ਹਾਂ ਨੇ ਵਾਪਸ ਲਿਆਉਣ ਦਾ ਭਰੋਸਾ ਦਿੱਤਾ। ਜੁਲਾਈ ਵਿਚ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਲੀਬੀਆ ਵਿਚ ਫਸੇ ਭਾਰਤੀ ਨੌਜਵਾਨਾਂ ਦੇ ਮੁੱਦੇ ਨੂੰ ਚੁੱਕਿਆ। ਨੌਜਵਾਨਾਂ ਨੂੰ ਪਿਛਲੇ ਮਹੀਨੇ ਤ੍ਰਿਪੋਲੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਜਿਸ ਦੇ ਬਾਅਦ ਉਨ੍ਹਾਂ ਲਈ ਕੋਸ਼ਿਸ਼ਾਂ ਜਾਰੀ ਸਨ।