ਚੰਡੀਗੜ੍ਹ: ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 2024 ‘ਚ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਆ ਰਿਹਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਇਕ ਕੰਮ ਕਰ ਸਕਦੇ ਹੋ। ਇਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਜਿਸ ਸੋਚ ਨਾਲ ਮੈਂ ਰਾਜਨੀਤੀ ‘ਚ ਆਇਆ ਹਾਂ, ਮੈਂ ਐਕਟਰ ਰਹਿੰਦੇ ਹੋਏ ਵੀ ਉਹ ਸੱਭ ਕੁੱਝ ਕਰ ਸਕਦਾ ਹਾਂ। ਸੰਨੀ ਦਿਓਲ ਨੇ ਅੱਗੇ ਕਿਹਾ ਕਿ ਮੈਂ ਅਦਾਕਾਰੀ ਦੀ ਦੁਨੀਆ ‘ਚ ਜੋ ਮੇਰਾ ਦਿਲ ਚਾਹੁੰਦਾ ਹੈ, ਕਰ ਸਕਦਾ ਹਾਂ। ਪਰ ਜੇਕਰ ਮੈਂ ਰਾਜਨੀਤੀ ਵਿਚ ਕੋਈ ਵਾਅਦਾ ਕਰਦਾ ਹਾਂ ਅਤੇ ਉਸ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ‘ਚ ਸਿਰਫ 19 ਫ਼ੀ ਸਦੀ ਹਾਜ਼ਰੀ ਹੈ, ਇਸ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮੈਂ ਸੰਸਦ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇਥੇ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ। ਪਰ ਅਸੀਂ ਇਥੇ ਕਿਵੇਂ ਵਿਵਹਾਰ ਕਰਦੇ ਹਾਂ ਜਦੋਂ ਅਸੀਂ ਦੂਜੇ ਲੋਕਾਂ ਨੂੰ ਅਜਿਹਾ ਵਿਵਹਾਰ ਨਾ ਕਰਨ ਲਈ ਕਹਿੰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਮੈਂ ਅਜਿਹਾ ਨਹੀਂ ਹਾਂ, ਬਿਹਤਰ ਹੈ ਕਿ ਮੈਂ ਕਿਤੇ ਹੋਰ ਚਲਾ ਜਾਵਾਂ। 2024 ਦੀਆਂ ਲੋਕ ਸਭਾ ਚੋਣਾਂ ਲੜਨ ਸਬੰਧੀ ਸਵਾਲ ਦੇ ਜਵਾਬ ਵਿਚ ਅਦਾਕਾਰ ਨੇ ਕਿਹਾ ਕਿ ਉਹ ਹੁਣ ਚੋਣ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਫ਼ਿਲਮ ਅਭਿਨੇਤਾ ਸੰਨੀ ਦਿਓਲ ਨੇ ਅਪਣਾ ਸਿਆਸੀ ਸਫ਼ਰ ਸਾਲ 2019 ਵਿਚ ਸ਼ੁਰੂ ਕੀਤਾ ਸੀ, ਸੰਨੀ ਦਿਓਲ ਨੇ ਸਾਲ 2019 ਦੀਆਂ ਆਮ ਚੋਣਾਂ ਵਿਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਪਣੀ ਕਿਸਮਤ ਅਜ਼ਮਾਈ ਅਤੇ ਜਨਤਾ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ 84 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦੇ ਕੇ ਲੋਕ ਸਭਾ ਵਿਚ ਭੇਜਿਆ ਸੀ। ਸੰਨੀ ਦਿਓਲ ਨੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ ਪਰ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ, ਉਹ ਜਿੱਤ ਤੋਂ ਬਾਅਦ ਗੁਰਦਾਸਪੁਰ ਵੀ ਨਹੀਂ ਗਏ। ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਹੈ। ਪਿਛਲੇ ਦਿਨੀਂ ਗੁਰਦਾਸਪੁਰ ‘ਚ ਲੋਕਾਂ ਨੇ ਸੰਨੀ ਦਿਓਲ ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤਾ ਸੀ।