ਮੈਕਸੀਕੋ ’ਚ ਗੋਲੀਬਾਰੀ : ਭਾਰਤੀ ਨਾਗਰਿਕ ਦੀ ਮੌਤ, ਇਕ ਹੋਰ ਜ਼ਖ਼ਮੀ

ਹਿਊਸਟਨ: ਮੈਕਸੀਕੋ ਸਿਟੀ ’ਚ ਅਣਪਛਾਤੇ ਲੁਟੇਰਿਆਂ ਦੀ ਗੋਲੀਬਾਰੀ ’ਚ ਇਕ ਭਾਰਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਭਾਰਤੀ ਜ਼ਖ਼ਮੀ ਹੋ ਗਿਆ। ਭਾਰਤੀ ਅਧਿਕਾਰੀਆਂ ਨੇ ਮੈਕਸੀਕੋ ’ਚ ਅਪਣੇ ਹਮਰੁਤਬਾ ਨਾਲ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਮੰਗ ਕੀਤੀ ਹੈ। ਇਹ ਘਟਨਾ ਸਨਿਚਰਵਾਰ ਨੂੰ ਹੋਈ ਅਤੇ ਹਮਲਾਵਰਾਂ ਨੇ ਭਾਰਤੀ ਨਾਗਰਿਕਾਂ ਤੋਂ 10 ਹਜ਼ਾਰ ਅਮਰੀਕੀ ਡਾਲਰ ਲੁੱਟ ਲਏ। ਭਾਰਤੀ ਨਾਗਰਿਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ‘ਐਲ ਯੂਨੀਵਰਸਲ’ ਅਖ਼ਬਾਰ ਨੇ ਦਸਿਆ ਕਿ ਦੋਹਾਂ ਪੀੜਤਾਂ ’ਚੋਂ ਇਕ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲਗੀਆਂ। ਮੈਕਸੀਕੋ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਪੀੜਤਾਂ ਦੇ ਪ੍ਰਵਾਰ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਮੁਹਈਆ ਕਰਵਾ ਰਹੇ ਹਾਂ। ਸਫ਼ਾਰਤਖ਼ਾਨੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਇਹ ਬਹੁਤ ਦੁੱਖ ਅਤੇ ਦਿਲ ਦੁਖਾਉਣ ਵਾਲੀ ਘਟਨਾ ਹੈ। ਮੈਕਸੀਕੋ ’ਚ ਰਹਿ ਰਹੇ ਇਕ ਭਾਰਤੀ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਸਫ਼ਾਰਤਖ਼ਾਨੇ ਅਤੇ ‘ਇੰਡੀਅਨ ਐਸੋਸੀਏਸ਼ਨ ਆਫ਼ ਮੈਕਸੀਕੋ’ ਪੀੜਤ ਦੇ ਪ੍ਰਵਾਰ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਹਰ ਕਿਸਮ ਦੀ ਮਦਦ ਮੁਹਈਆ ਕਰਵਾ ਰਹੇ ਹਨ। ਅਸੀਂ ਮੈਕਸੀਕੋ ਦੇ ਅਧਿਕਾਰੀਆਂ ਨੂੰ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਮੰਗ ਕਰਦੇ ਹਾਂ।’’ ਉਸ ਨੇ ਸੋਮਵਾਰ ਨੂੰ ਕਿਹਾ, ‘‘ਸਫ਼ਾਰਤਖ਼ਾਨਾ ਮੈਕਸੀਕੋ ਸਿਟੀ ’ਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਜਾਣ ਨਾਲ ਇਕ ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਬਹੁਤ ਦੁਖ ਭਰੀ ਘਟਨਾ ਲਈ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਫੜਨ ਅਤੇ ਪੀੜਤ ਦੇ ਪ੍ਰਵਾਰ ਨੂੰ ਨਿਆਂ ਦਿਵਾਉਣ ਲਈ ਕਾਨੂੰਨ ਤਾਮੀਲੀ ਏਜੰਸੀਆਂ ਦੇ ਲਗਾਤਾਰ ਸੰਪਰਕ ’ਚ ਹੈ।’’ ‘ਕੈਪੀਟਲ ਪ੍ਰਾਸੀਕਿਊਟਰ ਆਫ਼ਿਸ’ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ’ਤੇ ਭਾਰਤੀ ਸਫ਼ਾਰਤਖ਼ਾਨੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *