ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਪੁਤਿਨ ਨੇ ਪੀ.ਐੱਮ. ਮੋਦੀ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਦੀ ਜਗ੍ਹਾ ਇਸ ਸੰਮੇਲਨ ਵਿਚ ਰੂਸ ਦੀ ਪ੍ਰਤੀਨਿਧਤਾ ਸਰਗੇਈ ਲਾਵਰੋਵ ਕਰਨਗੇ। ਸੂਤਰਾਂ ਮੁਤਾਬਕ ਦੋਹਾਂ ਨੇਤਾਵਾਂ ਨੇ ਦੋ-ਪੱਖੀ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ’ਤੇ ਤਰੱਕੀ ਦੀ ਸਮੀਖਿਆ ਕੀਤੀ ਅਤੇ ਜੋਹਾਨਸਬਰਗ ਵਿਚ ਹਾਲ ਹੀ ਵਿਚ ਸੰਪੰਨ 15ਵੇਂ ਬ੍ਰਿਕਸ ਸਿਖਰ ਸੰਮੇਲਨ ਸਮੇਤ ਸਾਂਝੇ ਹਿੱਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ’ਤੇ ਵੀ ਵਧਾਈ ਦਿੱਤੀ। ਦੋਵੇਂ ਧਿਰਾਂ ਬ੍ਰਿਕਸ ਵਿਚ ਆਉਣ ਵਾਲੀ 1 ਜਨਵਰੀ 2024 ਤੋਂ ਸ਼ੁਰੂ ਹੋਣ ਵਾਲੀ ਰੂਸ ਦੀ ਪ੍ਰਧਾਨਗੀ ਦੇ ਸੰਦਰਭ ਵਿਚ ਕਰੀਬੀ ਸੰਵਾਦ ਕਾਇਮ ਕਰਨ ’ਤੇ ਸਹਿਮਤ ਹੋਏ ਅਤੇ ਨਵੀਂ ਦਿੱਲੀ ਵਿਚ ਆਉਣ ਵਾਲੇ ਜੀ-20 ਸਿਖਰ ਸੰਮੇਲਨ ਸਬੰਧੀ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ।