ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਜੌੜਾਮਾਜਰਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਮਸ਼ਰੂਮ ਉਤਪਾਦਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਛੇਤੀ ਹੱਲ ਕੱਢਿਆ ਜਾਵੇਗਾ। ਇੱਥੇ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿੱਚ ਬਾਗ਼ਬਾਨੀ, ਉਦਯੋਗ ਤੇ ਵਣਜ ਵਿਭਾਗਾਂ ਅਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਤੇ ਮਸ਼ਰੂਮ ਉਤਪਾਦਕਾਂ ਨਾਲ ਮੀਟਿੰਗ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੁੰਬ ਉਤਪਾਦਕ ਸੂਬੇ ਦੀ ਫ਼ਸਲੀ ਵਿਭਿੰਨਤਾ ਮੁਹਿੰਮ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ਸਲ ਦੀ ਖਪਤ ਜ਼ਿਆਦਾ ਹੋਣ ਕਰਕੇ ਇਹ ਕਿੱਤਾ ਬਹੁਤ ਲਾਹੇਵੰਦ ਵੀ ਹੈ। ਖੁੰਬ ਉਤਪਾਦਕਾਂ ਨੇ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਕਰੀਬ 200 ਛੋਟੇ ਤੇ ਵੱਡੇ ਯੂਨਿਟਾਂ ਵਿੱਚ ਮਸ਼ਰੂਮ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਕਿਸਾਨ ਅਸੰਗਠਿਤ ਤੌਰ ‘ਤੇ ਵੀ ਖੁੰਬਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਉਂ ਜੋ ਉਹ ਖੁੰਬਾਂ ਦੀ ਖੇਤੀ ਕਰਦੇ ਹਨ, ਇਸ ਲਈ ਖੁੰਬ ਯੂਨਿਟਾਂ ਨੂੰ ਖੇਤੀਬਾੜੀ ਕਿੱਤੇ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਦੀ ਰੁੱਤ ਦੌਰਾਨ ਖੁੰਬਾਂ ਦਾ ਉਤਪਾਦਨ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਬਿਜਲੀ ਸਪਲਾਈ ਸਣੇ ਹੋਰ ਲਾਗਤ ਖ਼ਰਚੇ ਵੀ ਵਧ ਜਾਂਦੇ ਹਨ। ਬਾਗ਼ਬਾਨੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੁੰਬ ਉਤਪਾਦਕ ਆਪਣੀਆਂ ਯੂਨਿਟਾਂ ਵਿੱਚ ਕਿਸੇ ਵਸਤੂ ਦਾ ਨਿਰਮਾਣ ਨਹੀਂ ਕਰ ਰਹੇ, ਸਗੋਂ ਮਹਿਜ਼ ਖੁੰਬਾਂ ਦੀ ਖੇਤੀ ਕਰਦੇ ਹਨ। ਇਸ ਲਈ ਇਸ ਕਿੱਤੇ ਨੂੰ ਮੁੜ-ਪ੍ਰਭਾਸ਼ਿਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਕਿਰਤ, ਫ਼ੈਕਟਰੀਜ਼ ਅਤੇ ਭਾਰ ਤੇ ਨਾਪਤੋਲਣ ਵਿਭਾਗ ਨੂੰ ਵੀ ਸਥਿਤੀ ਸਪੱਸ਼ਟ ਕੀਤੀ ਜਾਵੇ ਤਾਂ ਜੋ ਖੁੰਬ ਉਤਪਾਦਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਖੁੰਬ ਉਤਪਾਦਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਠੋਸ ਯਤਨ ਕੀਤੇ ਜਾਣਗੇ ਕੈਬਨਿਟ ਮੰਤਰੀ ਨੇ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਦੇ ਛੇਤੀ ਨਿਪਟਾਰੇ ਲਈ ਕਿਰਤ, ਫ਼ੈਕਟਰੀਜ਼ ਅਤੇ ਭਾਰ ਤੇ ਨਾਪਤੋਲਣ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਛੇਤੀ ਬੁਲਾਉਣ ਦੇ ਆਦੇਸ਼ ਵੀ ਦਿੱਤੇ। ਮੀਟਿੰਗ ਦੌਰਾਨ ਡਾਇਰੈਕਟਰ ਉਦਯੋਗ ਤੇ ਕਾਮਰਸ ਸ੍ਰੀ ਪੁਨੀਤ ਗੋਇਲ, ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ, ਪੀ.ਐਸ.ਪੀ.ਸੀ.ਐਲ. ਦੇ ਡਿਪਟੀ ਚੀਫ਼ ਸ੍ਰੀ ਦਮਨਜੀਤ ਸਿੰਘ ਤੂਰ, ਬਾਗ਼ਬਾਨੀ ਵਿਕਾਸ ਅਫ਼ਸਰ ਸ੍ਰੀਮਤੀ ਅਮਨਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *