ਪੰਜਾਬ ਵਿਚ 331 NRI ਲਾੜੇ ਭਗੌੜੇ; ਪੁਲਿਸ ਵਲੋਂ ਜਾਇਦਾਦ ਜ਼ਬਤ ਕਰਨ ਦੀ ਤਿਆਰੀ

ਪੰਜਾਬ ਵਿਚ ਧੋਖੇ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ਵਿਚ ਰਹਿ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਰਹੇ ਐਨ.ਆਰ.ਆਈ. ਲਾੜਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਬੇ ਦੇ ਵੱਖ-ਵੱਖ ਐਨ.ਆਰ.ਆਈ. ਥਾਣਿਆਂ ਵਿਚ ਦਰਜ ਅਜਿਹੇ ਮਾਮਲਿਆਂ ਵਿਚ 331 ਲੋਕ ਭਗੌੜੇ ਐਲਾਨੇ ਜਾ ਚੁੱਕੇ ਹਨ। ਪੁਲਿਸ ਨੇ 15 ਸਾਲਾਂ ਤੋਂ ਭਗੌੜੇ ਐਲਾਨੇ ਇਨ੍ਹਾਂ ਲਾੜਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਤਾਂ ਜੋ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਪੰਜਾਬ ਦੇ ਥਾਣਿਆਂ ਵਿਚ ਦਰਜ ਹੋਏ ਕੇਸਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਅਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਥੇ ਬੈਠੇ ਸ਼ਰਾਰਤੀ ਲੋਕ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਲੋਕ ਅਪਣੀਆਂ ਪੜ੍ਹੀਆਂ-ਲਿਖੀਆਂ ਧੀਆਂ ਦਾ ਵਿਆਹ ਅਜਿਹੇ ਲੋਕਾਂ ਨਾਲ ਕਰ ਦਿੰਦੇ ਹਨ। ਉਨ੍ਹਾਂ ਦੀ ਮੰਗ ਅਨੁਸਾਰ ਸਾਰੀਆਂ ਚੀਜ਼ਾਂ ਵੀ ਦਿਤੀਆਂ ਜਾਂਦੀਆਂ ਹਨ ਪਰ ਇਹ ਲੋਕ ਵਿਆਹ ਤੋਂ ਬਾਅਦ ਤਿੰਨ-ਚਾਰ ਮਹੀਨੇ ਇਥੇ ਰਹਿੰਦੇ ਹਨ। ਇਸ ਤੋਂ ਬਾਅਦ ਉਹ ਫ਼ਰਾਰ ਹੋ ਜਾਂਦੇ ਹਨ ਪਰ ਲੜਕੀਆਂ ਅਪਣੇ ਪ੍ਰਵਾਰਕ ਮੈਂਬਰਾਂ ‘ਤੇ ਨਿਰਭਰ ਰਹਿੰਦੀਆਂ ਹਨ ਐਨ.ਆਰ.ਆਈ. ਥਾਣਿਆਂ ਵਿਚ ਦਰਜ ਕੇਸਾਂ ਵਿਚ ਸੱਭ ਤੋਂ ਵੱਧ 46 ਭਗੌੜੇ ਯੂ.ਕੇ. ਵਿਚ ਹਨ। ਇਸ ਤੋਂ ਇਲਾਵਾ ਅਮਰੀਕਾ ਵਿਚ 35, ਕੈਨੇਡਾ ਵਿਚ 35, ਆਸਟ੍ਰੇਲੀਆ ਵਿਚ 23, ਜਰਮਨੀ ਵਿਚ ਸੱਤ ਅਤੇ ਨਿਊਜ਼ੀਲੈਂਡ ਵਿਚ ਛੇ ਹਨ। ਹੋਰ ਥਾਣਿਆਂ ਵਿਚ ਵੀ ਅਜਿਹੇ ਕੇਸ ਦਰਜ ਹਨ। ਨਵਾਂਸ਼ਹਿਰ ਵਿਚ ਅਜਿਹੇ ਸੱਭ ਤੋਂ ਵੱਧ 42 ਮਾਮਲੇ ਹਨ। ਲੁਧਿਆਣਾ ਅਤੇ ਮੋਗਾ ਵਿਚ 38-38 ਕੇਸ ਦਰਜ ਹਨ। ਇਸੇ ਤਰ੍ਹਾਂ ਐਨ.ਆਰ.ਆਈ. ਵਿੰਗ ਨੇ ਵੀ 2018 ਤੋਂ ਹੁਣ ਤਕ ਵੱਖ-ਵੱਖ ਮਾਮਲਿਆਂ ਵਿਚ 1309 ਵਿਅਕਤੀਆਂ ਨੂੰ ਸਰਕੂਲਰ ਜਾਰੀ ਕੀਤੇ ਹਨ। ਹਾਲਾਂਕਿ ਐਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਾਰੇ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਹਨ। ਪੰਜਾਬ ਮਹਿਲਾ ਕਮਿਸ਼ਨ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹੈ ਤਾਂ ਜੋ ਐਨ.ਆਰ.ਆਈ ਲਾੜਿਆਂ ਕਾਰਨ ਪੰਜਾਬ ਦੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਜਵਾਬੀ ਪੱਤਰ ਭੇਜ ਕੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਸੀ।

Leave a Reply

Your email address will not be published. Required fields are marked *