19ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਤਮਗ਼ਿਆਂ ਦਾ ਸੈਂਕੜਾ ਲਗਾਇਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਦੇਸ਼ ਦਾ 100ਵਾਂ ਤਮਗ਼ਾ ਜਿੱਤਿਆ ਹੈ। ਏਸ਼ੀਆਡ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਨੇ 100 ਤਮਗ਼ੇ ਜਿੱਤੇ ਹਨ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। ਇਸ ਨਾਲ ਭਾਰਤ ਕੋਲ ਹੁਣ 25 ਸੋਨ ਤਮਗ਼ੇ ਹੋ ਗਏ ਹਨ। ਪਿਛਲੇ 72 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ ਵਿਚ 100 ਤਮਗ਼ੇ ਜਿੱਤੇ ਹਨ। 100ਵੇਂ ਤਮਗ਼ੇ ਦੀ ਗਿਣਤੀ ‘ਤੇ ਭਾਰਤ ਦੇ ਕੋਲ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਮਗ਼ੇ ਹਨ। ਇਸ ਵਾਰ ਭਾਰਤ ਲਈ ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਾਰ ਸੱਭ ਤੋਂ ਵੱਧ ਮੈਡਲ ਇਨ੍ਹਾਂ ਖੇਡਾਂ ਵਿਚ ਆਏ ਹਨ। ਇਸ ਤੋਂ ਇਲਾਵਾ ਖੇਡਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ 20 ਗੋਲਡ ਜਿੱਤੇ ਹਨ। ਭਾਰਤ ਨੇ ਹੁਣ ਤਕ ਕੁੱਲ 25 ਸੋਨ ਤਮਗ਼ੇ ਜਿੱਤੇ ਹਨ। ਭਾਰਤ ਨੇ ਇਸ ਤੋਂ ਪਹਿਲਾਂ 22 ਸੋਨ ਤਮਗ਼ੇ ਜਿੱਤੇ ਸਨ। ਇਸ ਵਾਰ ਦੀਆਂ ਏਸ਼ੀਆਈ ਖੇਡਾਂ ਇਸ ਲਈ ਵੀ ਇਤਿਹਾਸਕ ਰਹੀਆਂ ਕਿਉਂਕਿ ਇਸ ਵਿਚ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਨੇ ਹਿੱਸਾ ਲਿਆ ਸੀ। ਇਸ ਵਾਰ ਅਥਲੈਟਿਕਸ ਭਾਰਤ ਲਈ ਸੱਭ ਤੋਂ ਵਧੀਆ ਰਿਹਾ।ਭਾਰਤ ਨੇ ਐਥਲੈਟਿਕਸ ਵਿਚ 29 ਤਮਗ਼ੇ ਜਿੱਤੇ। ਇਸ ਦੌਰਾਨ ਭਾਰਤ ਨੇ 6 ਸੋਨ, 14 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿਚ ਭਾਰਤ ਨੇ 22 ਤਗਮੇ ਜਿੱਤੇ। ਸ਼ੂਟਿੰਗ ਵਿਚ 7 ਸੋਨ, 9 ਚਾਂਦੀ ਅਤੇ 6 ਕਾਂਸੀ ਦੇ ਤਗਮੇ ਆਏ। ਭਾਰਤ ਨੇ 42 ਸਾਲਾਂ ਬਾਅਦ ਘੋੜ ਸਵਾਰੀ ਵਿਚ ਵੀ ਤਮਗ਼ਾ ਜਿੱਤਿਆ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਬੈਡਮਿੰਟਨ ਵਿਚ ਵੀ ਇਤਿਹਾਸਕ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਜਾਪਾਨ ਨੂੰ 5-1 ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਪੈਰਿਸ ਉਲੰਪਿਕ 2024 ਲਈ ਵੀ ਕੁਆਲੀਫਾਈ ਕਰ ਲਿਆ ਹੈ।