ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਖਾਕਾ ਤਿਆਰ; 3 ਪੜਾਵਾਂ ਵਿਚ ਹੋਵੇਗਾ ਨਿਰਮਾਣ

ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (RITES) ਦੁਆਰਾ ਵਿਕਲਪਕ ਵਿਸ਼ਲੇਸ਼ਣ ਰਿਪੋਰਟ (AAR) ਅਤੇ ਵਿਸਤ੍ਰਿਤ ਪ੍ਰਾਜੈਕਟ (DPR) ਰੀਪੋਰਟ ਪੇਸ਼ ਕੀਤੀ ਗਈ ਹੈ। ਇਹ ਰੀਪੋਰਟ ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੇਸ਼ ਕੀਤੀ ਗਈ। ਇਸ ਵਿਚ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਚੰਡੀਗੜ੍ਹ ਵਿਚ ਬਣਨ ਵਾਲੇ ਮੈਟਰੋ ਪ੍ਰਾਜੈਕਟ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ। ਹੁਣ ਦਸੰਬਰ 2023 ਤਕ ਅੰਤਿਮ ਰੀਪੋਰਟ ਤਿਆਰ ਕਰਨ ਦੇ ਹੁਕਮ ਦਿਤੇ ਗਏ ਹਨ। ਤਿੰਨ ਸ਼ਹਿਰਾਂ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿਚ ਬਣਨ ਵਾਲੀ ਮੈਟਰੋ ਲਾਈਨਾਂ ਵਿਚ ਵੱਧ ਤੋਂ ਵੱਧ ਖੇਤਰ ਕਵਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡਿਟੇਲ ਪ੍ਰਾਜੈਕਟ ਰਿਪੋਰਟ (ਡੀਪੀਆਰ) ਦੇ ਅਨੁਸਾਰ, ਪਹਿਲੇ ਪੜਾਅ ਵਿਚ ਵਿਛਾਈ ਜਾਣ ਵਾਲੀ ਇਸ ਲਾਈਨ ਦੀ ਕੁੱਲ ਲੰਬਾਈ 79.5 ਕਿਲੋਮੀਟਰ ਹੈ। ਵਿਸਤ੍ਰਿਤ ਪ੍ਰਾਜੈਕਟ ਰੀਪੋਰਟ ਅਨੁਸਾਰ ਨਿਊ ​​ਚੰਡੀਗੜ੍ਹ ਤੋਂ ਪੰਚਕੂਲਾ ਤਕ ਪਹਿਲੀ ਲਾਈਨ ਵਿਛਾਈ ਜਾਵੇਗੀ। ਦੂਜੀ ਲਾਈਨ ਰੌਕ ਗਾਰਡਨ ਤੋਂ ਸੈਕਟਰ 17 ਦੇ ਬੱਸ ਸਟੈਂਡ ਤੋਂ ਜ਼ੀਰਕਪੁਰ ਬੱਸ ਸਟੈਂਡ ਤਕ, ਤੀਜੀ ਲਾਈਨ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤਕ ਅਤੇ ਚੌਥੀ ਲਾਈਨ ਅਨਾਜ ਮੰਡੀ ਚੌਕ ਤੋਂ ਟਰਾਂਸਪੋਰਟ ਲਾਈਟ ਸੈਕਟਰ 26 ਤਕ ਵਿਛਾਈ ਜਾਵੇਗੀ। ਚੰਡੀਗੜ੍ਹ ਵਿਚ ਵਿਛਾਈ ਜਾਣ ਵਾਲੀ ਮੈਟਰੋ ਲਾਈਨ ਦੀ ਕੁੱਲ ਲਾਗਤ ਕਰੀਬ 13 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦਾ 60 ਫ਼ੀ ਸਦੀ ਹਿੱਸਾ ਕੇਂਦਰ ਸਰਕਾਰ ਵਲੋਂ ਦਿਤਾ ਜਾਵੇਗਾ, ਜਦਕਿ 40 ਫ਼ੀ ਸਦੀ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਲੋਂ ਦਿਤਾ ਜਾਵੇਗਾ। ਡੀਪੀਆਰ ਤਿਆਰ ਕਰਨ ਲਈ ਹਰਿਆਣਾ ਅਤੇ ਪੰਜਾਬ ਵਲੋਂ ਪੈਸੇ ਦਿਤੇ ਗਏ ਹਨ।

Leave a Reply

Your email address will not be published. Required fields are marked *