ਮੈਕਸੀਕੋ ਵਿਚ ਇਕ ਵਾਰ ਫਿਰ ਵੱਡਾ ਸੜਕ ਹਾਦਸਾ ਹੋਇਆ ਹੈ। ਮੈਕਸੀਕੋ ਵਿਚ ਸਥਾਨਕ ਸਮੇਂ ਅਨੁਸਾਰ ਸ਼ੁਕਰਵਾਰ ਸਵੇਰੇ ਇਕ ਬੱਸ ਪਲਟ ਗਈ। ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਅਜੇ ਤਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਦਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਪ੍ਰਵਾਸੀ ਸਨ। ਮੀਡੀਆ ਰੀਪੋਰਟਾਂ ਮੁਤਾਬਕ ਓਕਸਾਕਾ ਰਾਜ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਸਾਰੇ ਮ੍ਰਿਤਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਸਨ। ਇਸ ਹਾਦਸੇ ‘ਚ ਕਰੀਬ 27 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵੀ ਮੈਕਸੀਕੋ ਵਿਚ ਐਤਵਾਰ ਤੜਕੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਸੀ। ਦੱਖਣੀ ਮੈਕਸੀਕੋ ਵਿਚ ਇਕ ਟਰੱਕ ਪਲਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਰੀਬ 25 ਲੋਕ ਜ਼ਖਮੀ ਹੋ ਗਏ ਸਨ।