ਨਵੀਂ ਦਿੱਲੀ: ਭਾਰਤੀ ਟੀਮ ਨੇ ਵਿਸ਼ਵ ਕੱਪ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ 8 ਅਕਤੂਬਰ ਨੂੰ ਅਪਣੇ ਪਹਿਲੇ ਮੈਚ ਵਿਚ ਆਸਟਰੇਲੀਆ ਨੂੰ ਹਰਾਇਆ ਸੀ। ਚੇਨਈ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਜਿੱਤ ਤੋਂ ਬਾਅਦ ਭਾਰਤੀ ਟੀਮ ਦਾ ਧਿਆਨ ਹੁਣ ਆਉਣ ਵਾਲੇ ਮੈਚਾਂ ‘ਤੇ ਹੈ। ਖ਼ਾਸ ਤੌਰ ‘ਤੇ ਕ੍ਰਿਕਟ ਪ੍ਰਸ਼ੰਸਕ 14 ਅਕਤੂਬਰ ਨੂੰ ਪਾਕਿਸਤਾਨ ਵਿਰੁਧ ਹੋਣ ਵਾਲੇ ਮੈਚ ਦੀ ਉਡੀਕ ਵਿਚ ਹਨ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਜਰਸੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਜਿਸ ‘ਤੇ ਹੁਣ ਬੀਸੀਸੀਆਈ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਭਾਰਤੀ ਟੀਮ ਪਾਕਿਸਤਾਨ ਵਿਰੁਧ ਮੈਚ ‘ਚ ਭਗਵੀਂ ਜਰਸੀ ‘ਚ ਨਜ਼ਰ ਆਵੇਗੀ। ਇਸ ਨੂੰ ਲੈ ਕੇ ਬੀਸੀਸੀਆਈ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੀਸੀਸੀਆਈ ਦੇ ਖਜ਼ਾਨਚੀ ਆਸ਼ੀਸ਼ ਸ਼ੈਲਾਰ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਆਸ਼ੀਸ਼ ਸ਼ੇਲਾਰ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ”ਅਸੀਂ ਅਜਿਹੇ ਦਾਅਵਿਆਂ ਨੂੰ ਖਾਰਜ ਕਰਦੇ ਹਾਂ। ਭਾਰਤੀ ਟੀਮ ਪਾਕਿਸਤਾਨ ਵਿਰੁਧ ਮੈਚ ਵਿਚ ਨੀਲੇ ਰੰਗ ਦੀ ਜਰਸੀ ਪਹਿਨੇਗੀ। ਇਹ ਰੀਪੋਰਟ ਪੂਰੀ ਤਰ੍ਹਾਂ ਬੇਬੁਨਿਆਦ ਹੈ। ਅਜਿਹੀਆਂ ਖ਼ਬਰਾਂ ਮਹਿਜ਼ ਕਲਪਨਾ ਹਨ। ਟੀਮ ਇੰਡੀਆ ਵਿਸ਼ਵ ਕੱਪ 2023 ‘ਚ ਸਿਰਫ ਨੀਲੀ ਜਰਸੀ ‘ਚ ਖੇਡੇਗੀ”। ਦਰਅਸਲ, ਟੀਮ ਇੰਡੀਆ ਨੂੰ ਕਈ ਮੌਕਿਆਂ ‘ਤੇ ਅਭਿਆਸ ਜਰਸੀ (ਸੰਤਰੀ ਜਰਸੀ) ‘ਚ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਅਜਿਹੀਆਂ ਅਫ਼ਵਾਹਾਂ ਲਗਾਤਾਰ ਉੱਡਣੀਆਂ ਸ਼ੁਰੂ ਹੋ ਗਈਆਂ।