ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਨਹੀਂ ਛਿੜਕਿਆ ਜਾਵੇਗਾ ਪਰਫਿਊਮ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪਰਫਿਊਮ ਦੀ ਵਰਤੋਂ ’ਤੇ ਰੋਕ ਲਗਾ ਦਿਤੀ ਗਈ ਹੈ। ਦਰਅਸਲ ਪਰਫਿਊਮ ‘ਚ ਅਲਕੋਹਲ ਦਾ ਮਿਸ਼ਰਣ ਹੋਣ ਕਾਰਨ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਇਸ ਦੀ ਵਰਤੋਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਹ ਹੁਕਮ ਜਾਰੀ ਕੀਤੇ ਗਏ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤਕ ਇਸ ਸਬੰਧੀ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਮਾਮਲਾ ਸੰਗਤ ਵਲੋਂ ਜਥੇਦਾਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁਦਰਤੀ ਖੁਸ਼ਬੂਦਾਰ ਵਸਤੂਆਂ ਉਤੇ ਕੋਈ ਰੋਕ ਨਹੀਂ ਹੈ, ਸਿਰਫ਼ ਅਲਕੋਹਲ ਵਾਲੇ ਪਰਫਿਊਮ ਉਤੇ ਰੋਕ ਲਗਾਈ ਗਈ ਹੈ। ਗੁਰਚਰਨ ਸਿੰਘ ਗਰੇਵਾਲ ਨੇ ਦਸਿਆ ਕਿ ਇਹ ਫ਼ੈਸਲਾ ਲਾਗੂ ਕਰ ਦਿਤਾ ਗਿਆ ਹੈ।

Leave a Reply

Your email address will not be published. Required fields are marked *