ਬੂਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰਾਏ ਅਤੇ ਕਸ਼ਮੀਰੀ ਪ੍ਰੋਫੈਸਰ ਵਿਰੁਧ ਮੁਕੱਦਮਾ ਚਲਾਉਣ ਦੀ ਦਿਤੀ

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਥਿਤ ਭੜਕਾਊ ਭਾਸ਼ਣਾਂ ਨਾਲ ਸਬੰਧਤ 2010 ਦੇ ਇਕ ਮਾਮਲੇ ’ਚ ਬੂਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰਾਏ ਅਤੇ ਇਕ ਸਾਬਕਾ ਕਸ਼ਮੀਰੀ ਪ੍ਰੋਫੈਸਰ ਵਿਰੁਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਰਾਏ ਅਤੇ ਸਾਬਕਾ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਵਿਰੁਧ ਮੈਟਰੋਪੋਲੀਟਨ ਮੈਜਿਸਟ੍ਰੇਟ, ਨਵੀਂ ਦਿੱਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ ਸੀ।ਰਾਜ ਨਿਵਾਸ ਦੇ ਇਕ ਅਧਿਕਾਰੀ ਨੇ ਕਿਹਾ, ‘‘ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਿਹਾ ਕਿ ਰਾਏ ਅਤੇ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਕੌਮਾਂਤਰੀ ਕਾਨੂੰਨ ਦੇ ਸਾਬਕਾ ਪ੍ਰੋਫੈਸਰ ਹੁਸੈਨ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 153ਏ (ਧਰਮ, ਜਾਤ, ਜਨਮ ਸਥਾਨ, ਨਿਵਾਸ ਭਾਸ਼ਾ ਆਦਿ ਦੇ ਆਧਾਰ ’ਤੇ ਲੋਕਾਂ ’ਚ ਦੁਸ਼ਮਣੀ ਫੈਲਾਉਣੀ), ਧਾਰਾ 153ਬੀ (ਰਾਸ਼ਟਰੀ ਅਖੰਡਤਾ ਲਈ ਨੁਕਸਾਨਦੇਹ ਦੋਸ਼, ਦਾਅਵੇ) ਅਤੇ 505 (ਸ਼ਰਾਰਤੀ ਬਿਆਨ) ਦੇ ਤਹਿਤ ਕੇਸ ਬਣਦਾ ਹੈ।’’ ਫੌਜਦਾਰੀ ਜਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ 196(1) ਦੇ ਤਹਿਤ, ਕੁਝ ਅਪਰਾਧਾਂ ਜਿਵੇਂ ਕਿ ਨਫਰਤ ਭਰਿਆ ਭਾਸ਼ਣ, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਨਫਰਤ ਅਪਰਾਧ, ਦੇਸ਼-ਧ੍ਰੋਹ, ਦੇਸ਼ ਵਿਰੁਧ ਜੰਗ ਛੇੜਨਾ, ਦੂਜਿਆਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ ਆਦਿ ਦੇ ਮਾਮਲਿਆਂ ’ਚ ਮੁਕੱਦਮਾ ਚਲਾਉਣ ਲਈ , ਸੂਬਾ ਸਰਕਾਰ ਤੋਂ ਮਨਜ਼ੂਰੀ ਲਈ ਜਾਂਦੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਦੋ ਹੋਰ ਦੋਸ਼ੀਆਂ ਕਸ਼ਮੀਰੀ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਅਤੇ ਦਿੱਲੀ ਯੂਨੀਵਰਸਿਟੀ ਦੇ ਲੈਕਚਰਾਰ ਸਈਦ ਅਬਦੁਲ ਰਹਿਮਾਨ ਗਿਲਾਨੀ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਤਕਨੀਕੀ ਆਧਾਰ ’ਤੇ ਸੰਸਦ ਹਮਲੇ ਦੇ ਮਾਮਲੇ ’ਚ ਬਰੀ ਕਰ ਦਿਤਾ ਸੀ। ਕਸ਼ਮੀਰ ਦੇ ਇਕ ਸਮਾਜਕ ਕਾਰਕੁਨ ਸੁਸ਼ੀਲ ਪੰਡਿਤ ਨੇ 21 ਅਕਤੂਬਰ 2010 ਨੂੰ ‘ਕਮੇਟੀ ਫਾਰ ਰਿਲੀਜ਼ ਆਫ਼ ਪੋਲੀਟਿਕਲ ਪ੍ਰਿਜ਼ਨਰਾਂ’ ਵਲੋਂ ‘ਆਜ਼ਾਦੀ – ਦ ਓਨਲੀ ਵੇ’ ਵਿਸ਼ੇ ’ਤੇ ਕਰਵਾਈ ਇਕ ਕਾਨਫਰੰਸ ’ਚ ‘ਭੜਕਾਊ ਭਾਸ਼ਣ’ ਦੇਣ ’ਚ ਸ਼ਾਮਲ ਵੱਖ-ਵੱਖ ਲੋਕਾਂ ਅਤੇ ਬੁਲਾਰਿਆਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। 28 ਅਕਤੂਬਰ ਨੂੰ ਤਿਲਕ ਮਾਰਗ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਚਰਚਾ ਅਤੇ ਪ੍ਰਚਾਰਿਆ ਗਿਆ ਮੁੱਦਾ ‘ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨਾ’ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਭਾਸ਼ਣ ਭੜਕਾਊ ਸਨ, ਜੋ ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਸਨ।

Leave a Reply

Your email address will not be published. Required fields are marked *