ਦਿੱਲੀ ਵਿਚ 13 ਤੋਂ 20 ਨਵੰਬਰ ਤਕ ਔਡ-ਈਵਨ ਫਾਰਮੂਲਾ ਲਾਗੂ ਹੋਵੇਗਾ। ਇਹ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ, ‘ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ 13 ਤੋਂ 20 ਨਵੰਬਰ ਤਕ ਇਕ ਹਫ਼ਤੇ ਲਈ ਔਡ-ਈਵਨ ਵਾਹਨ ਪ੍ਰਣਾਲੀ ਲਾਗੂ ਰਹੇਗੀ।’ ਖਰਾਬ ਹਵਾ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ ਸਕੂਲਾਂ ਨੂੰ ਸਰੀਰਕ ਕਲਾਸਾਂ 10 ਨਵੰਬਰ ਤਕ ਮੁਲਤਵੀ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਗੋਪਾਲ ਰਾਏ ਨੇ ਯੂਪੀ ਸਰਕਾਰ ਨੂੰ ਦੀਵਾਲੀ ਦੌਰਾਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਟਾਕਿਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ, ‘ਦਿੱਲੀ ‘ਚ ਪਟਾਕਿਆਂ ‘ਤੇ ਪਾਬੰਦੀ ਹੈ। ਪਾਬੰਦੀ ਦੇ ਬਾਵਜੂਦ ਪਿਛਲੀ ਵਾਰ ਅਸੀਂ ਦੇਖਿਆ ਕਿ ਕਈ ਥਾਵਾਂ ‘ਤੇ ਪਟਾਕੇ ਚਲਾਏ ਗਏ ਸਨ। ਇਸ ਦੇ ਲਈ ਪੁਲਿਸ ਨੂੰ ਟੀਮਾਂ ਨੂੰ ਅਲਰਟ ਕਰਨ ਦੇ ਨਿਰਦੇਸ਼ ਦਿਤੇ ਗਏ ਸਨ। ਦੀਵਾਲੀ ਆ ਰਹੀ ਹੈ। ਵਿਸ਼ਵ ਕੱਪ ਦਾ ਮੈਚ ਹੈ, ਉਸ ਤੋਂ ਬਾਅਦ ਛਠ ਪੂਜਾ ਹੈ। ਆਉਣ ਵਾਲੇ ਸਮੇਂ ਵਿਚ ਪਟਾਕਿਆਂ ਨੂੰ ਲੈ ਕੇ ਯੂਪੀ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਉਥੇ ਵੀ ਪਾਬੰਦੀ ਲਗਾਈ ਜਾਵੇ ਤਾਂ ਜੋ ਪ੍ਰਦੂਸ਼ਣ ਦੀ ਸਥਿਤੀ ਨੂੰ ਹੋਰ ਖਤਰਨਾਕ ਬਣਨ ਤੋਂ ਰੋਕਿਆ ਜਾ ਸਕੇ’। ਗੋਪਾਲ ਰਾਏ ਨੇ ਕਿਹਾ, ‘ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਵਧ ਸਕਦਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿਚ ਦੀਵਾਲੀ ਦੇ ਅਗਲੇ ਦਿਨ 13 ਤੋਂ 20 ਨਵੰਬਰ ਤਕ ਔਡ ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਇਹ 13 ਨਵੰਬਰ ਤੋਂ ਸ਼ੁਰੂ ਹੋ ਕੇ 20 ਤਰੀਕ ਤਕ ਚੱਲੇਗਾ। ਇਕ ਹਫ਼ਤੇ ਤਕ ਪ੍ਰਦੂਸ਼ਣ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ’। ਇਸ ਤੋਂ ਪਹਿਲਾਂ ਵੀ ਕਈ ਵਾਰ ਦਿੱਲੀ ਵਿਚ ਔਡ-ਈਵਨ ਵਾਹਨ ਪ੍ਰਣਾਲੀ ਲਾਗੂ ਹੋ ਚੁੱਕੀ ਹੈ। ਇਸ ਦੇ ਤਹਿਤ ਔਡ ਦਿਨਾਂ ਵਿਚ ਜਿਨ੍ਹਾਂ ਵਾਹਨਾਂ ਦਾ ਨੰਬਰ 1, 3, 5, 7 ਅਤੇ 9 ਨਾਲ ਖਤਮ ਹੁੰਦਾ ਹੈ, ਉਨ੍ਹਾਂ ਨੂੰ ਚੱਲਣ ਦੀ ਇਜਾਜ਼ਤ ਦਿਤੀ ਜਾਵੇਗੀ। ਇਸੇ ਤਰ੍ਹਾਂ 0, 2, 4, 6, 8 ਨੰਬਰ ਵਾਲੇ ਵਾਹਨਾਂ ਨੂੰ ਈਵਨ ਦਿਨਾਂ ‘ਤੇ ਚੱਲਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਦਿੱਲੀ ‘ਚ ਸਰਕਾਰੀ ਅਤੇ ਨਿੱਜੀ ਦਫਤਰਾਂ ‘ਚ 50 ਫ਼ੀ ਸਦੀ ਸਟਾਫ ਨੂੰ ਘਰ ਤੋਂ ਕੰਮ ਕਰਨ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ।