ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੂੰ ਉਸ ਖਾਤੇ ਦਾ ਯੂ.ਆਰ.ਐਲ. ਮੁਹੱਈਆ ਕਰਵਾਉਣ ਲਈ ਚਿੱਠੀ ਲਿਖੀ ਹੈ, ਜਿਸ ਤੋਂ ਅਦਾਕਾਰਾ ਰਸ਼ਮਿਕਾ ਮੰਡਨਾ ਦੀ ‘ਡੀਪਫ਼ੇਕ’ ਵੀਡੀਉ ਸਾਂਝੀ ਕੀਤੀ ਗਈ ਸੀ। ਪੁਲਿਸ ਨੇ ਇਹ ਕਦਮ ਘਟਨਾ ਦੇ ਸਬੰਧ ’ਚ ਐਫ.ਆਈ.ਆਰ. ਦਰਜ ਕਰਨ ਤੋਂ ਇਕ ਦਿਨ ਬਾਅਦ ਚੁਕਿਆ ਹੈ।
ਇਕ ਅਧਿਕਾਰੀ ਮੁਤਾਬਕ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਵੀਡੀਉ ਸਾਂਝੀ ਕਰਨ ਵਾਲੇ ਲੋਕਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦਸਿਆ, ‘‘ਅਸੀਂ ਮੈਟਾ ਨੂੰ ਉਸ ਖਾਤੇ ਦੀ ਐਫ.ਆਈ.ਆਰ. ਆਈ.ਡੀ. ਤਕ ਪਹੁੰਚ ਪ੍ਰਾਪਤ ਕਰਨ ਲਈ ਲਿਖਿਆ ਹੈ ਜਿਸ ਤੋਂ ਵੀਡੀਉ ਬਣਾਈ ਗਈ ਸੀ।’’
ਮਾਮਲੇ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ’ ਨੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 465 (ਜਾਲਸਾਜ਼ੀ) ਅਤੇ 469 (ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਅਲਸਾਜ਼ੀ) ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਧਾਰਾਵਾਂ ਧਾਰਾ 66ਸੀ ਅਤੇ 66ਈ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਅਧਿਕਾਰੀ ਨੇ ਕਿਹਾ, ‘‘ਮਾਮਲੇ ਨੂੰ ਸੁਲਝਾਉਣ ਲਈ ਅਧਿਕਾਰੀਆਂ ਦੀ ਇਕ ਸਮਰਪਿਤ ਟੀਮ ਬਣਾਈ ਗਈ ਹੈ। ਸਾਨੂੰ ਉਮੀਦ ਹੈ ਕਿ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ।’’ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਸ਼ੁਕਰਵਾਰ ਨੂੰ ਵੀਡੀਉ ਨੂੰ ਲੈ ਕੇ ਪੁਲਿਸ ਨੂੰ ਨੋਟਿਸ ਭੇਜ ਕੇ ਇਸ ’ਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ।
ਪਿਛਲੇ ਹਫਤੇ, ਰਸ਼ਮਿਕਾ ਦੀ ਇਕ ਡੀਪਫ਼ੇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ
ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੋਣ ਦਾ ਸ਼ੱਕ ਹੈ। ਅਸਲੀ ਵੀਡੀਉ ਇਕ ਬ੍ਰਿਟਿਸ਼-ਭਾਰਤੀ ‘ਸੋਸ਼ਲ ਮੀਡੀਆ ਇੰਫ਼ਲੂਐਂਸਰ’ ਦਾ ਦਸਿਆ ਜਾਂਦਾ ਹੈ, ਜਿਸ ਦਾ ਚਿਹਰਾ ਰਸ਼ਮਿਕਾ ਦੇ ਨਾਲ ਬਦਲਿਆ ਗਿਆ ਸੀ।