ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਲਈ ਹੋਟਲ ਬੁਕਿੰਗ ਅਤੇ ਸੁਰੱਖਿਆ ਸੇਵਾਵਾਂ ਮੁਹਈਆ ਕਰਵਾਉਣ ਲਈ ਇਕ ਔਨਲਾਈਨ ਪੋਰਟਲ ਲਾਂਚ ਕੀਤਾ ਹੈ ਜੋ ਕਿ ਭਾਰਤ ਤੋਂ ਲਹਿੰਦੇ ਪੰਜਾਬ ’ਚ ਸਥਿਤ ਗੁਰਧਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਯਾਤਰਾ ਬੁਕਿੰਗ ਪੋਰਟਲ ਨੂੰ ‘ਨਵਾਂ ਧਾਰਮਕ ਸੈਰ ਸਪਾਟਾ ਪ੍ਰੋਗਰਾਮ’ ਕਰਾਰ ਦਿਤਾ।
ਨਕਵੀ ਨੇ ਪੱਤਰਕਾਰਾਂ ਨੂੰ ਦਸਿਆ, ‘‘ਪਹਿਲੀ ਵਾਰ, ਅਸੀਂ ‘ਸਿੱਖ ਯਾਤਰਾ ਬੁਕਿੰਗ ਪੋਰਟਲ’ ਲਾਂਚ ਕੀਤਾ ਹੈ ਜੋ ਦੇਸ਼ ’ਚ ਅਪਣੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਲਈ ਉਤਸੁਕ ਸਿੱਖਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇਕ ਮਹੱਤਵਪੂਰਨ ਧਾਰਮਕ ਸੈਰ-ਸਪਾਟਾ ਪ੍ਰੋਗਰਾਮ ਹੈ।’’ ਉਨ੍ਹਾਂ ਅੱਗੇ ਦਸਿਆ, ‘‘ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, ਦੁਨੀਆ ਭਰ ਦੇ ਸਿੱਖ ਸ਼ਰਧਾਲੂ ਹੁਣ ਸਿੱਖ ਯਾਤਰਾ ਬੁਕਿੰਗ ਪੋਰਟਲ ਰਾਹੀਂ ਸਹੂਲਤਜਨਕ ਤਰੀਕੇ ਨਾਲ ਆਨਲਾਈਨ ਹੋਟਲ ਬੁਕਿੰਗ ਕਰ ਸਕਦੇ ਹਨ।’’
ਬਾਅਦ ’ਚ ਉਸ ਨੇ ਅੱਗੇ ਕਿਹਾ, ‘‘ਇਸ ਤੋਂ ਇਲਾਵਾ, ਆਉਣ ਵਾਲੇ ਸਿੱਖਾਂ ਕੋਲ ਅਪਣੀ ਯਾਤਰਾ ਦੌਰਾਨ ਵੀ.ਆਈ.ਪੀ. ਦਰਜੇ ਦੇ ਵਾਧੂ ਵਿਸ਼ੇਸ਼ ਅਧਿਕਾਰਾਂ ਦੇ ਨਾਲ ਸੁਰੱਖਿਆ ਸੇਵਾਵਾਂ ਨੂੰ ਕਿਰਾਏ ’ਤੇ ਲੈਣ ਅਤੇ ਆਵਾਜਾਈ ਦਾ ਪ੍ਰਬੰਧ ਕਰਨ ਦਾ ਬਦਲ ਹੋਵੇਗਾ।’’ ਨਕਵੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਇਕ ਸਹਿਜ ਅਤੇ ਰੁਕਾਵਟ ਰਹਿਤ ਅਨੁਭਵ ਪ੍ਰਦਾਨ ਕਰਨਾ ਹੈ।
ਉਨ੍ਹਾਂ ਨੇ ਪੰਜਾਬ ’ਚ ਧਾਰਮਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਰਪਿਤ ‘ਸੈਰ-ਸਪਾਟਾ ਪੁਲਿਸ ਫੋਰਸ’ ਦੀ ਸਥਾਪਨਾ ਵੀ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਨਵਾਰ-ਉਲ-ਹੱਕ ਕੱਕੜ ਨੇ ਕਿਹਾ, ‘‘ਅਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਲਈ ਦੇਸ਼ ਆਉਣ ਵਾਲੇ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਮਹਿਮਾਨ ਹਨ।’’