ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਲਈ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਦੀ ਆਖਰੀ ਮਿਤੀ 15 ਨਵੰਬਰ 2023 ਤੋਂ ਵਧਾ ਕੇ 29 ਫਰਵਰੀ, 2024 ਕਰ ਦਿਤੀ ਗਈ ਹੈ। ਅੱਜ ਇਥੇ ਸੋਧਿਆ ਹੋਇਆ ਸ਼ਡਿਊਲ ਜਾਰੀ ਕਰਦਿਆਂ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ, ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਜਸਟਿਸ (ਸੇਵਾਮੁਕਤ) ਐਸ.ਐਸ. ਸਾਰੋਂ, ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ 21 ਮਾਰਚ, 2024 ਤਕ ਮੁਢਲੀ ਸੂਚੀਆਂ ਦੀ ਪ੍ਰਕਾਸ਼ਨਾ ਯਕੀਨੀ ਬਣਾਉਣਗੇ ਜਦਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ ਅਗਲੇ ਸਾਲ 11 ਅਪ੍ਰੈਲ ਹੈ। ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਇਸ ਸਬੰਧੀ ਸੰਸ਼ੋਧਿਤ ਅਥਾਰਟੀ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਫੈਸਲਿਆਂ ਦੇ ਸੰਚਾਰ ਦੀ ਆਖਰੀ ਮਿਤੀ 21 ਅਪ੍ਰੈਲ, 2024 ਹੈ ਅਤੇ ਸਪਲੀਮੈਂਟਰੀ ਵੋਟਰ ਸੂਚੀ ਦੇ ਖਰੜੇ ਦੀਆਂ ਤਿਆਰੀਆਂ ਅਤੇ ਸਪਲੀਮੈਂਟ ਦੀ ਛਪਾਈ ਦੀ ਮਿਤੀ 2 ਮਈ, 2024 ਨੂੰ ਹੋਵੇਗੀ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ 3 ਮਈ, 2024 ਨੂੰ ਹੋਵੇਗੀ।