ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਨੇ ਅਦਾਲਤ ਵਿੱਚ ਅਰਜ਼ੀ ਦਿਤੀ ਹੈ ਕਿ ਉਹ ਕਤਲ ਦੀ ਵਾਰਦਾਤ ਵਿਚ ਸ਼ਾਮਲ ਨਹੀਂ ਹੈ ਤੇ ਨਾ ਹੀ ਉਸ ਦੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਸੀ। ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਜਦੋਂ ਕਤਲ ਹੋਇਆ ਤਾਂ ਮੈਂ ਉੱਥੇ ਮੌਜੂਦ ਨਹੀਂ ਸੀ, ਮੈਂ ਤਾਂ ਉਸ ਸਮੇਂ ਜੇਲ ਵਿਚ ਬੰਦ ਸੀ। ਲਾਰੈਂਸ ਨੇ ਕਿਹਾ ਕਿ ਮੈਂ ਕਤਲ ਨਹੀਂ ਕੀਤਾ ਹੈ ਅਤੇ ਨਾ ਹੀ ਮੈਂ ਕੋਈ ਫਿਰੌਤੀ ਮੰਗੀ ਹੈ।ਮੈਨੂੰ ਫਸਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਜੇਲ ਤੋਂ ਹੀ ਇੰਟਰਵਿਊ ਵਿੱਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦਰਅਸਲ ਮੰਗਲਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਇੱਕ ਅਦਾਲਤ ਵਿੱਚ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੀ ਰਿਹਾਈ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਮਾਰੇ ਗਏ ਪੰਜਾਬੀ ਗਾਇਕ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਸਨ। ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।