ਨਾਬਾਲਗ ਨਾਲ ਜਬਰ-ਜ਼ਨਾਹ ਮਾਮਲੇ ’ਚ ਭਾਜਪਾ ਵਿਧਾਇਕ ਨੂੰ 25 ਸਾਲ ਦੀ ਕੈਦ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੀ ਦੁਧੀ ਸੀਟ ਤੋਂ ਭਾਜਪਾ ਦੇ ਵਿਧਾਇਕ ਰਾਮਦੁਲਾਰ ਗੋਂਡ ਨੂੰ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ 25 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਕਮ ਪੀੜਤ ਨੂੰ ਮਿਲੇਗੀ। ਸੋਨਭੱਦਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਇਹ ਫੈਸਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਸੁਣਾਇਆ ਹੈ। ਨਵੰਬਰ 2014 ਵਿਚ ਮੇਅਰਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ ਅੱਠ ਸਾਲਾਂ ਦੀ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਆਇਆ ਹੈ। ਵਿਧਾਇਕ ਨੂੰ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅੱਠ ਸਾਲਾਂ ਤਕ ਚੱਲੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਵੀਰਵਾਰ ਨੂੰ ਅਪਣਾ ਫੈਸਲਾ ਸੁਣਾਇਆ। ਅਦਾਲਤ ਦੇ ਜੱਜ ਅਹਿਸਾਨਉੱਲ੍ਹਾ ਖਾਨ ਨੇ ਜੁਰਮਾਨੇ ਦੀ ਸਾਰੀ ਰਕਮ ਪੀੜਤ ਨੂੰ ਅਦਾ ਕਰਨ ਦਾ ਹੁਕਮ ਦਿਤਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਵਿਧਾਇਕ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਦੱਸ ਦਈਏ ਕਿ 12 ਦਸੰਬਰ ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ‘ਚ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ ਦੋਸ਼ੀ ਕਰਾਰ ਦਿਤਾ ਸੀ। ਮੰਗਲਵਾਰ ਨੂੰ ਸੁਣਵਾਈ ਤੋਂ ਬਾਅਦ ਐਮਪੀ-ਐਮਐਲਏ ਕੋਰਟ ਦੇ ਜੱਜ ਅਹਿਸਾਨਉੱਲ੍ਹਾ ਖਾਨ ਨੇ ਸਜ਼ਾ ਲਈ 15 ਦਸੰਬਰ ਦੀ ਤਰੀਕ ਤੈਅ ਕੀਤੀ ਸੀ। ਪੀੜਤ ਦੇ ਭਰਾ ਨੇ ਐਮਪੀ-ਐਮਐਲਏ ਅਦਾਲਤ ਤੋਂ ਵਿਧਾਇਕ ਰਾਮਦੁਲਾਰ ਗੋਂਡ ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਆਏ ਪੀੜਤ ਦੇ ਭਰਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਬਹੁਤ ਖੁਸ਼ ਹਨ। ਨੌਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਅੱਜ ਉਸ ਨੂੰ ਇਨਸਾਫ਼ ਮਿਲਿਆ ਹੈ। ਦੱਸ ਦਈਏ ਕਿ ਪੀੜਤਾ ਦੇ ਭਰਾ ਦੀ ਸ਼ਿਕਾਇਤ ‘ਤੇ ਰਾਮਦੁਲਾਰ ਗੋਂਡ ਵਿਰੁਧ ਨੌਂ ਸਾਲ ਪਹਿਲਾਂ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *