ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਡ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਦਰਅਸਲ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਅਦਾਲਤ ਵਿਚ ਇਸ ਮਾਮਲੇ ਦੀ ਜਾਂਚ ਦੀ ਸਟੇਟਸ ਰੀਪੋਰਟ ਦਾਖਲ ਕੀਤੀ ਰੀਪੋਰਟ ਦਾਖਲ ਹੋਣ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆ ’ਤੇ ਬੰਦ ਪਏ ਟਰਾਇਲ ਸ਼ੁਰੂ ਹੋ ਸਕਣਗੇ, ਜਿਸ ਨਾਲ ਹੁਣ ਅਦਾਲਤੀ ਸੁਣਾਵਈ ਅੱਗੇ ਵਧੇਗੀ। ਇਸ ਦੇ ਚਲਦਿਆਂ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਅਤੇ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ 2023 ਨੂੰ ਹੋਵੇਗੀ। ਸਟੇਟਸ ਰੀਪੋਰਟ ਦਾਖਲ ਕੀਤੇ ਜਾਣ ਦੀ ਪੁਸ਼ਟੀ ਫਰੀਦਕੋਟ ਡੀਐਸਪੀ ਆਸਵੰਤ ਸਿੰਘ ਧਾਲੀਵਾਲ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ। ਉਨ੍ਹਾਂ ਦਸਿਆ ਕਿ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਮਾਣਯੋਗ ਅਦਾਲਤ ਵਿਚ ਸਟੇਟਸ ਰੀਪੋਰਟ ਦਾਖਲ ਕਰ ਦਿਤੀ ਗਈ। ਇਸ ਮੌਕੇ ਫਰੀਦਕੋਟ ਅਦਾਲਤ ਵਿਚ ਪਹੁੰਚੇ ਸੁਖਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਜਾਂਚ ਟੀਮ ਵਲੋਂ ਸਟੇਟਸ ਰੀਪੋਰਟ ਦਾਖਲ ਕਰਨ ਅਤੇ ਅਦਾਲਤ ਵਿਚ ਦੋਹਾਂ ਮਾਮਲਿਆਂ ਦਾ ਟਰਾਇਲ ਸ਼ੁਰੂ ਹੋਣ ਦੀ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟਾਈ ਹੈ। ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਜੋ ਵਿਸ਼ੇਸ਼ ਜਾਂਚ ਟੀਮ ਵਲੋਂ ਹੁਣ ਤਕ ਚਲਾਨ ਪੇਸ਼ ਕੀਤੇ ਗਏ, ਜੋ ਹੁਣ ਤਕ ਦੀ ਜਾਂਚ ਹੋਈ ਹੈ, ਉਸ ਉਤੇ ਟਰਾਇਲ ਸ਼ੁਰੂ ਹੋਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਸਟੇਟਸ ਰੀਪੋਰਟ ਦਾਖਲ ਹੋਣ ਤੋਂ ਬਾਅਦ ਮਾਮਲੇ ਦੀ ਟਰਾਇਲ ਸ਼ੁਰੂ ਹੋ ਜਾਣਗੇ, ਉਨ੍ਹਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਰਾਹੀਂ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰਦੀਆਂ ਸੰਗਤਾਂ ਅਤੇ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਮੋਰਚੇ ਦੀ ਸਮਾਪਤੀ ਬਾਰੇ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੀ ਇਹੀ ਸੀ ਕਿ ਅਦਾਲਤ ਵਿਚ ਬੰਦ ਪਏ ਟਰਾਇਲ ਸ਼ੁਰੂ ਕੀਤੇ। ਇਸ ਲਈ ਹੁਣ ਸਾਰੀ ਕਾਰਵਾਈ ਅਦਾਲਤ ਵਲੋਂ ਕੀਤੀ ਜਾਣੀ ਹੈ, ਹੁਣ ਪ੍ਰਦਰਸ਼ਨ ਦਾ ਕੋਈ ਮਤਲਬ ਨਹੀਂ। ਉਨ੍ਹਾਂ ਵਲੋਂ ਲਗਾਇਆ ਗਿਆ ਬਹਿਬਲ ਕਲਾਂ ਇਨਸਾਫ ਮੋਰਚਾ ਸਮਾਪਤ ਕੀਤਾ ਜਾਵੇਗਾ, ਜਿਸ ਨੂੰ ਅਗਲੇ ਇਕ ਦੋ-ਦਿਨਾਂ ਵਿਚ ਸੰਗਤ ਨਾਲ ਗੱਲਬਾਤ ਕਰ ਕੇ ਇਕ ਧਾਰਮਿਕ ਸਮਾਗਮ ਉਪਰੰਤ ਉਠਾਇਆ ਜਾਵੇਗਾ।