ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਲਿਮਟਡ ਨੂੰ ਡਿਲੀਵਰੀ ਚਾਰਜ ਦੇ ਸਬੰਧ ਵਿਚ 401.7 ਕਰੋੜ ਰੁਪਏ ਦੀ ਜੀਐਸਟੀ ਦੇਣਦਾਰੀ ਲਈ ਕਾਰਨ ਦੱਸੋ ਨੋਟਿਸ ਮਿਲਿਆ ਹੈ। ਕੰਪਨੀ ਨੇ ਸਟਾਕ ਐਕਸਚੇਂਜ ਵਿਚ ਅਪਣੀ ਫਾਈਲਿੰਗ ਵਿਚ ਦਾਅਵਾ ਕੀਤਾ ਹੈ ਕਿ ਉਹ ਰਕਮ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਹੈ ਕਿਉਂਕਿ ਡਿਲੀਵਰੀ ਪਾਰਟਨਰ ਦੁਆਰਾ ਡਿਲੀਵਰੀ ਚਾਰਜ ਵਸੂਲੇ ਜਾਂਦੇ ਹਨ। ਜ਼ੋਮੈਟੋ ਅਨੁਸਾਰ, ਕੰਪਨੀ ਨੂੰ 26 ਦਸੰਬਰ, 2023 ਨੂੰ ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ ਐਕਟ 2017 ਦੀ ਧਾਰਾ 74(1) ਦੇ ਤਹਿਤ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਪੁਣੇ ਜ਼ੋਨਲ ਯੂਨਿਟ) ਤੋਂ ਕਾਰਨ ਦੱਸੋ ਨੋਟਿਸ (SCN) ਪ੍ਰਾਪਤ ਹੋਇਆ ਸੀ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ “ਇਹ ਨਹੀਂ ਮੰਨਦੀ ਕਿ ਉਹ ਕਿਸੇ ਵੀ ਟੈਕਸ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੈ ਕਿਉਂਕਿ ਡਿਲੀਵਰੀ ਪਾਰਟਨਰਜ਼ ਦੀ ਤਰਫੋਂ ਕੰਪਨੀ ਦੁਆਰਾ ਡਿਲੀਵਰੀ ਖਰਚੇ ਇਕੱਠੇ ਕੀਤੇ ਜਾਂਦੇ ਹਨ”। ਜ਼ੋਮੈਟੋ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ ਵਿਚ ਕਿਹਾ ਕਿ ਉਹ ਕਾਰਨ ਦੱਸੋ ਨੋਟਿਸ ਦਾ ਉਚਿਤ ਜਵਾਬ ਦੇਵੇਗੀ।