ਚੰਡੀਗੜ੍ਹ ‘ਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੋ ਦੁਕਾਨਦਾਰਾਂ ਵਿਚਕਾਰ ਲੜਾਈ ਹੋ ਗਈ। ਜਦੋਂ ਤੀਜੇ ਦੁਕਾਨਦਾਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿਤਾ ਗਿਆ। ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਸੈਕਟਰ 19 ਦੇ ਸਦਰ ਬਾਜ਼ਾਰ ਵਿਚ ਵਾਪਰੀ। ਮ੍ਰਿਤਕ ਦੀ ਪਛਾਣ ਸੁਨੀਲ ਵਾਸੀ ਧਨਾਸ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ‘ਤੇ ਕੰਮ ਕਰਨ ਵਾਲੇ ਰਾਹੁਲ ਦੀ ਕਿਸੇ ਹੋਰ ਦੁਕਾਨ ਮਾਲਕ ਨਾਲ ਲੜਾਈ ਹੋ ਗਈ। ਦੁਕਾਨ ਦੇ ਕਰਮਚਾਰੀ ਨੇ ਰਾਹੁਲ ਤੋਂ ਬਦਲਾ ਲੈਣ ਲਈ ਬਾਹਰੋਂ ਕੁਝ ਲੜਕਿਆਂ ਨੂੰ ਬੁਲਾਇਆ। ਉਨ੍ਹਾਂ ਲੜਕਿਆਂ ਨੇ ਰਾਹੁਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸੁਨੀਲ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਬਦਮਾਸ਼ ਨੇ ਗੁੱਸੇ ‘ਚ ਆ ਕੇ ਸੁਨੀਲ ‘ਤੇ ਚਾਕੂ ਮਾਰ ਦਿਤਾ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਨੇ ਦਮ ਤੋੜ ਦਿਤਾ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।