ਕਪੂਰਥਲਾ ਸ਼ਹਿਰ ਦੇ ਔਜਲਾ ਫਾਟਕ ਨੇੜੇ ਰਹਿਣ ਵਾਲਾ 12 ਸਾਲਾ ਵਿਦਿਆਰਥੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ। ਤਿੰਨ ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ-2 (ਅਰਬਨ ਅਸਟੇਟ) ਦੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰਕੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿਤੀ ਹੈ। ਇਸ ਗੱਲ ਦੀ ਪੁਸ਼ਟੀ ਤਫ਼ਤੀਸ਼ੀ ਅਫ਼ਸਰ ਏਐਸਆਈ ਦਿਲਬਾਗ ਸਿੰਘ ਟਾਂਡੀ ਨੇ ਵੀ ਕੀਤੀ ਹੈ। ਲਾਪਤਾ ਵਿਦਿਆਰਥੀ ਦੀ ਮਾਤਾ ਕੁਸੁਮ ਦੇਵੀ ਵਾਸੀ ਔਜਲਾ ਫਾਟਕ ਨੇੜੇ ਔਜਲਾ ਫਾਟਕ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਸ਼ੁਭਮ ਮੰਡੀ ਸਕੂਲ ਕਪੂਰਥਲਾ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। 24 ਜਨਵਰੀ ਦੀ ਸ਼ਾਮ ਕਰੀਬ 6 ਵਜੇ ਉਸ ਦਾ ਲੜਕਾ ਸ਼ੁਭਮ ਟਿਊਸ਼ਨ ਤੋਂ ਘਰ ਆਇਆ, ਆਪਣਾ ਬੈਗ ਘਰ ਵਿਚ ਰੱਖ ਕੇ ਬਾਹਰ ਖੇਡਣ ਚਲਾ ਗਿਆ ਪਰ ਅਜੇ ਵਾਪਸ ਨਹੀਂ ਆਇਆ। ਉਸ ਦੀ ਕਈ ਥਾਵਾਂ ’ਤੇ ਭਾਲ ਕਰਨ ਦੇ ਬਾਵਜੂਦ ਉਹ ਕਿਧਰੇ ਨਹੀਂ ਮਿਲਿਆ। ਸ਼ੁਭਮ ਦੀ ਮਾਂ ਕੁਸੁਮ ਦੇਵੀ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਬਾਅਦ ‘ਚ ਪਤਾ ਲੱਗਾ ਕਿ ਸ਼ੁਭਮ ਘਰ ‘ਚ ਪਏ 8.5 ਹਜ਼ਾਰ ਰੁਪਏ ਵੀ ਲੈ ਗਿਆ ਹੈ। ਸਿਟੀ ਥਾਣਾ-2 ਅਰਬਨ ਸਟੇਟ ਦੀ ਪੁਲਿਸ ਨੇ ਔਰਤ ਕੁਸਮ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 346 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਲਾਪਤਾ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿਤੀ ਹੈ। ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵਿਦਿਆਰਥੀ ਦੀ ਭਾਲ ਲਈ ਸਰਗਰਮ ਹੈ।