ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਹਰਿਆਣਾ ਦੇ ਯਮੁਨਾਨਗਰ ‘ਚ ਹਤਿਆ ਕਰ ਦਿਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੂਟਰ ਰਾਜਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ। ਰਾਜਨ ਦੀ ਸੜੀ ਹੋਈ ਲਾਸ਼ ਸੋਮਵਾਰ ਨੂੰ ਪੱਛਮੀ ਯਮੁਨਾ ਨਹਿਰ ਦੇ ਕੰਢੇ ਮਿਲੀ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਸ਼ੂਟਰ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁੱਕ ਪੇਜ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿਚ ਉਸ ਨੇ ਸੁੱਖਾ ਦੁੱਨੀਕੇ ਅਤੇ ਮਾਨ ਜੈਤੋਂ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਰਾਜਨ ਕੁਰੂਕਸ਼ੇਤਰ ਦੇ ਮਹਿਰਾ ਪਿੰਡ ਦਾ ਰਹਿਣ ਵਾਲਾ ਸੀ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਇਕ ਸਾਲ ਤੋਂ ਘਰ ਨਹੀਂ ਆਇਆ ਸੀ। ਇਸ ਦੌਰਾਨ ਨਾ ਹੀ ਉਸ ਨੇ ਪਰਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚੀ, ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ੂਟਰ ਕਈ ਗੈਂਗਵਾਰ ਦੀਆਂ ਘਟਨਾਵਾਂ ਵਿਚ ਸ਼ਾਮਲ ਰਹਿ ਚੁੱਕਿਆ ਹੈ। ਵਾਇਰਲ ਫੇਸਬੁੱਕ ਪੋਸਟ ‘ਚ ਲਿਖਿਆ, ‘ਰਾਤ ਜੋ ਰਾਜਨ ਲਾਡਵਾ ਕੁਰੂਕਸ਼ੇਤਰ ਦਾ ਕਤਲ ਕੀਤਾ ਹੋਇਆ ਉਹ ਕਤਲ ਲੱਕੀ ਪਟਿਆਲ ਅਤੇ ਅਰਸ਼ ਡੱਲਾ ਵਲੋਂ ਕਰਵਾਇਆ ਗਿਆ ਹੈ। ਰਾਜਨ ਨੇ ਲਾਰੈਂਸ ਅਤੇ ਵਿਸ਼ਨੂੰ ਦੇ ਕਹਿਣ ‘ਤੇ ਲਕਸ਼ਮਣ ਦੇਵਾਸੀ ਸਾਂਚੋਰੇ ਦਾ ਕਤਲ ਕਰਵਾਇਆ ਸੀ। ਇਹ ਭਗੌੜਾ ਚੱਲ ਰਿਹਾ ਸੀ। ਉਸ ਨੂੰ ਯਮੁਨਾਨਗਰ ਨੇੜੇ ਗੋਲੀ ਮਾਰ ਦਿਤੀ ਗਈ। ਇਹ ਸਾਡੇ ਵਲੋਂ ਤੁਹਾਡੇ ਲਈ ਤੋਹਫ਼ਾ ਹੈ। ਤੁਸੀਂ ਕਹਿੰਦੇ ਹੋ ਕਿ ਮੈਂ ਕੈਨੇਡਾ ਵਿਚ ਗੈਂਗਸਟਰ ਸੁੱਖਾ ਦੁਨੇਕੇ ਨੂੰ ਅਪਣੇ ਹੱਥਾਂ ਨਾਲ ਮਾਰਿਆ ਹੈ, ਤੁਸੀਂ ਉਸ ਨੂੰ ਭਰੋਸੇ ਵਿਚ ਲੈ ਕੇ ਮਾਰਿਆ ਹੈ। ਅਜਿਹਾ ਕਰਨ ਨਾਲ ਉਸ ਦੀ ਪਿੱਠ ‘ਤੇ ਵਾਰ ਕੀਤਾ ਗਿਆ। ਗੋਗਾਮੇੜੀ ਨੂੰ ਵੀ ਭਰਾ ਬਣਾ ਮਾਰ ਦਿਤਾ। ਸਿੱਧੂ ਮੂਸੇਵਾਲਾ ਬਿਨਾਂ ਕਿਸੇ ਕਸੂਰ ਦੇ ਮਾਰਿਆ ਗਿਆ। ਤੁਸੀਂ ਕਹਿੰਦੇ ਹੋ, ਜਿਹੜੇ ਮਰਜ਼ੀ ਦੇਸ਼ ਵਿਚ ਚਲੇ ਜਾਉ। ਸਾਨੂੰ ਦੱਸੋ ਕਿ ਕਿਥੇ ਮਿਲਣਾ ਹੈ। ਅਸੀਂ ਤੁਹਾਡੇ ਵਾਂਗ ਫੁਕਰੀਆਂ ਨਹੀਂ ਮਾਰਦੇ। ਇਹ ਸੁੱਖਾ ਅਤੇ ਮਾਨ ਜੈਤੋਂ ਦਾ ਬਦਲਾ ਲਿਆ ਹੈ। ਤੁਸੀਂ ਅਪਣੇ ਆਪ ਨੂੰ ਖੱਬੀ ਖ਼ਾਨ ਸਮਝਦੇ ਹੋ, ਅਸੀਂ ਤੁਹਨੂੰ ਦੱਸਾਂਗੇ ਕਿ ਆਖਰ ਦੁਸ਼ਮਣੀ ਕੀ ਹੁੰਦੀ ਹੈ’।