ਪੰਜਾਬ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਨੂੰ ਏ.ਡੀ.ਜੀ.ਪੀ. ਵਜੋਂ ਤਰੱਕੀ ਦਿਤੀ ਗਈ ਹੈ। ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਬਾਅਦ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵਲੋਂ ਜਾਰੀ ਹੁਕਮਾਂ ਮੁਤਾਬਕ 1998 ਬੈਚ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਜਸਕਰਨ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਨਿਲੱਭ ਕਿਸ਼ੋਰ ਨੂੰ ਤਰੱਕੀ ਦੇ ਕੇ ਏ.ਡੀ.ਜੀ.ਪੀ. ਬਣਾਇਆ ਹੈ। ਜਸਕਰਨ ਸਿੰਘ ਇਸ ਸਮੇਂ ਆਈ.ਜੀ. ਇੰਟੈਲੀਜੈਂਸ ਦੇ ਅਹੁਦੇ ਉਪਰ ਕੰਮ ਕਰ ਰਹੇ ਸਨ ਅਤੇ ਬਾਕੀ ਦੋਵੇਂ ਅਫ਼ਸਰ ਵੀ ਆਈ.ਜੀ. ਰੈਂਕ ਵਿਚ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਿਚ ਕੁੱਲ 28 ਏ.ਡੀ.ਜੀ.ਪੀ. ਹਨ ਜਦਕਿ ਪੰਜਾਬ ਵਿਚ 17 ਡੀ.ਜੀ.ਪੀ. ਹਨ, ਇਨ੍ਹਾਂ ਵਿਚੋਂ ਤਿੰਨ ਦਿਨਕਰ ਗੁਪਤਾ, ਪਰਾਗ ਜੈਨ ਅਤੇ ਹਰਪ੍ਰੀਤ ਸਿੰਘ ਸਿੱਧੂ ਕੇਂਦਰ ਵਿਚ ਡੈਪੂਟੇਸ਼ਨ ’ਤੇ ਹਨ। ਪੰਜਾਬ ਕੋਲ 10 ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਅਤੇ 20 ਡੀ.ਆਈ.ਜੀ. ਅਧਿਕਾਰੀ ਹਨ। ਇਸ ਦੇ ਨਾਲ ਹੀ ਆਈ.ਪੀ.ਐਸ. ਅਧਿਕਾਰੀਆਂ ਦੀ ਕੁੱਲ ਗਿਣਤੀ 142 ਹੈ। ਜਸਕਰਨ ਸਿੰਘ ਸਿੱਧੂ ਮੂਸੇਵਾਲਾ ਕੇਸ ਦੀ ਜਾਂਚ ਕਰ ਰਹੀ ਪੰਜ ਮੈਂਬਰੀ ਜਾਂਚ ਕਮੇਟੀ ਦੇ ਚੇਅਰਮੈਨ ਹਨ। ਜਦਕਿ ਨੀਲਭ ਕਿਸ਼ੋਰ ਦੋ ਬਰਖ਼ਾਸਤ ਪੁਲਿਸ ਅਧਿਕਾਰੀਆਂ ਰਾਜ ਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੇ ਨਸ਼ਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਜਦਕਿ ਨਵੰਬਰ ਮਹੀਨੇ ਵਿਚ ਹੀ ਸ਼ਿਵ ਵਰਮਾ ਨੂੰ ਆਈ.ਜੀ.ਪੀ. ਸੁਰੱਖਿਆ ਪੰਜਾਬ ਤੋਂ ਬਦਲ ਕੇ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਦਾ ਚਾਰਜ ਦਿਤਾ ਗਿਆ ਸੀ। 28 ਏ.ਡੀ.ਜੀ.ਪੀ. ਵਿਚੋਂ ਸਿਰਫ ਇਕ 1997 ਬੈਚ ਦੇ ਅਧਿਕਾਰੀ ਪੀਕੇ ਰਾਏ ਕੇਂਦਰੀ ਡੈਪੂਟੇਸ਼ਨ ‘ਤੇ ਹਨ। ਕੁਝ ਸੇਵਾਮੁਕਤ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਪੰਜਾਬ ਪੁਲਿਸ ਅਸੰਤੁਲਿਤ ਫੋਰਸ ਦੀ ਇਕ ਸਹੀ ਉਦਾਹਰਣ ਹੈ ਕਿਉਂਕਿ ਸੂਬੇ ਵਿਚ 17 ਡੀ.ਜੀ.ਪੀ. ਅਤੇ 28 ਏ.ਡੀ.ਜੀ.ਪੀ. ਹਨ, ਜਦਕਿ ਪੁਲਿਸ ਇੰਸਪੈਕਟਰ ਜਨਰਲਾਂ ਦੀ ਗਿਣਤੀ ਸਿਰਫ 10 ਅਤੇ ਡਿਪਟੀ ਇੰਸਪੈਕਟਰ ਜਨਰਲ ਦੀ ਗਿਣਤੀ 20 ਹੈ। ਕੁੱਲ ਮਿਲਾ ਕੇ ਪੰਜਾਬ ਵਿਚ 142 ਆਈ.ਪੀ.ਐਸ. ਅਧਿਕਾਰੀ ਹਨ। ਉੱਚ-ਭਾਰੀ ਫੋਰਸ ਦਾ ਪ੍ਰਭਾਵ ਉਦੋਂ ਸਾਹਮਣੇ ਆਇਆ ਜਦੋਂ 1997 ਬੈਚ ਦੇ ਏ.ਡੀ.ਜੀ.ਪੀ.-ਰੈਂਕ ਦੇ ਆਈ.ਪੀ.ਐਸ. ਅਧਿਕਾਰੀ ਨੌਨਿਹਾਲ ਸਿੰਘ ਨੂੰ ਹਾਲ ਹੀ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ, ਇਹ ਅਹੁਦਾ ਆਮ ਤੌਰ ‘ਤੇ ਡੀ.ਆਈ.ਜੀ. ਜਾਂ ਆਈ.ਜੀ.-ਰੈਂਕ ਦੇ ਅਧਿਕਾਰੀ ਕੋਲ ਹੁੰਦਾ ਹੈ। ਇਸੇ ਤਰ੍ਹਾਂ, ਇਕ ਹੋਰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ, ਐਸ.ਪੀ.ਐਸ. ਪਰਮਾਰ ਨੂੰ ਬਠਿੰਡਾ ਰੇਂਜ ਦੇ ਮੁਖੀ ਵਜੋਂ ਤਾਇਨਾਤ ਕੀਤਾ ਗਿਆ ਹੈ, ਇਹ ਅਹੁਦਾ ਡੀ.ਆਈ.ਜੀ. ਜਾਂ ਆਈ.ਜੀ. ਰੈਂਕ ਦੇ ਅਧਿਕਾਰੀ ਕੋਲ ਹੈ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਆਈਪੀਐਸ ਅਧਿਕਾਰੀਆਂ ਕੋਲ ਆਈਪੀਐਸ ਕਾਡਰ ਦੇ ਨਿਯਮਾਂ ਅਨੁਸਾਰ ਵਰਟੀਕਲ ਕਾਰਜਕਾਲ ਅਧਾਰਤ ਤਰੱਕੀ ਪ੍ਰਣਾਲੀ ਹੈ। ਹਾਲਾਂਕਿ, ਕਾਡਰ ਪ੍ਰਬੰਧਨ ਵੱਖ-ਵੱਖ ਸੂਬਿਆਂ ਵਿਚ ਵੱਖਰਾ ਹੁੰਦਾ ਹੈ। ਅਧਿਕਾਰੀ ਨੇ ਕਿਹਾ ਕਿ 30, 25 ਅਤੇ 18 ਸਾਲ ਦੀ ਸੇਵਾ ਕਰਨ ਵਾਲਾ ਕੋਈ ਵੀ ਵਿਅਕਤੀ ਕ੍ਰਮਵਾਰ ਡੀ.ਜੀ.ਪੀ., ਏ.ਡੀ.ਜੀ.ਪੀ. ਅਤੇ ਆਈ.ਜੀ. ਬਣਨ ਦੇ ਯੋਗ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਸਾਰੇ ਸੂਬਿਆਂ ਵਿਚ ਇਹ ਰੁਝਾਨ ਬਣ ਗਿਆ ਹੈ ਕਿ 30 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਡੀ.ਜੀ.ਪੀ. ਵਜੋਂ ਤਰੱਕੀ ਦਿਤੀ ਜਾਂਦੀ ਹੈ ਜਦਕਿ 25 ਸਾਲ ਪੂਰੇ ਕਰਨ ਵਾਲਿਆਂ ਨੂੰ ਆਈ.ਜੀ.ਪੀ. ਵਜੋਂ ਤਰੱਕੀ ਦਿਤੀ ਜਾਂਦੀ ਹੈ।