ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ਼ ਕੀਤੀ। ਜ਼ਿਕਰਯੋਗ ਹੈ ਕਿ ਰਾਜ ਸਭਾ ਦੇ 56 ਮੈਂਬਰਾਂ ਦਾ ਕਾਰਜਕਾਲ 2 ਅਤੇ 3 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੈ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸੇਵਾਮੁਕਤ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਹਾਲਾਂਕਿ ਉਨ੍ਹਾਂ ਨੇ ਅਪਣੇ ਭਾਸ਼ਣ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ਼ ਕੀਤੀ। ਸਾਬਕਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਚਾਰਕ ਮਤਭੇਦ ਥੋੜ੍ਹੇ ਸਮੇਂ ਲਈ ਹੁੰਦੇ ਹਨ ਪਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲੰਬੇ ਸਮੇਂ ਤਕ ਸਦਨ ਦੀ ਅਗਵਾਈ ਕੀਤੀ ਅਤੇ ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਸਾਡੇ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਇਸ ‘ਚ ਕੁੱਝ ਮਾਣਯੋਗ ਮੈਂਬਰਾਂ ਦੀ ਵੀ ਚਰਚਾ ਹੋਵੇਗੀ। ਇਸ ਵਿਚ ਡਾ. ਮਨਮੋਹਨ ਸਿੰਘ ਦੇ ਯੋਗਦਾਨ ਦੀ ਜ਼ਰੂਰ ਚਰਚਾ ਹੋਵੇਗੀ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਭਾਵੇਂ ਉਹ ਇਸ ਸਦਨ ਵਿਚ ਹੋਣ ਜਾਂ ਹੇਠਲੇ ਸਦਨ ਵਿਚ ਜਾਂ ਜਿਹੜੇ ਲੋਕ ਦੁਬਾਰਾ ਸਦਨ ਵਿਚ ਆਉਣ ਵਾਲੇ ਹਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਨੇ ਜਿਸ ਤਰ੍ਹਾਂ ਦੇਸ਼ ਦੀ ਅਗਵਾਈ ਕੀਤੀ, ਅਸੀਂ ਇਸ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਲੋਕ ਸਭਾ ‘ਚ ਦਿੱਲੀ ਸੇਵਾ ਬਿੱਲ ‘ਤੇ ਹੋਈ ਚਰਚਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਕੋਈ ਵੋਟਿੰਗ ਸੀ। ਉਹ ਜਾਣਦੇ ਸੀ ਕਿ ਜਿੱਤ ਸੱਤਾਧਾਰੀ ਪਾਰਟੀ ਦੀ ਹੋਣੀ ਹੈ ਪਰ ਡਾ. ਮਨਮੋਹਨ ਸਿੰਘ ਨੇ ਵ੍ਹੀਲ ਚੇਅਰ ‘ਤੇ ਆ ਕੇ ਵੋਟ ਪਾਈ। ਉਹ ਇਸ ਗੱਲ ਦੀ ਮਿਸਾਲ ਹਨ ਕਿ ਇਕ ਸੰਸਦ ਮੈਂਬਰ ਅਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਕਿੰਨਾ ਸੁਚੇਤ ਹੈ। ਉਹ ਇਕ ਪ੍ਰੇਰਨਾਦਾਇਕ ਉਦਾਹਰਣ ਹੈ। ਸਵਾਲ ਇਹ ਨਹੀਂ ਸੀ ਕਿ ਉਹ ਕਿਸ ਨੂੰ ਤਾਕਤ ਦੇਣ ਆਏ ਸੀ ਪਰ ਮੈਂ ਮੰਨਦਾ ਹਾਂ ਕਿ ਉਹ ਲੋਕਤੰਤਰ ਨੂੰ ਤਾਕਤ ਦੇਣ ਆਏ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਲਈ, ਅੱਜ ਮੈਂ ਵਿਸ਼ੇਸ਼ ਤੌਰ ‘ਤੇ ਸਾਡੇ ਸਾਰਿਆਂ ਦੀ ਤਰਫੋਂ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ। ਉਹ ਸਾਡਾ ਮਾਰਗਦਰਸ਼ਨ ਕਰਦੇ ਰਹਿਣ ਅਤੇ ਸਾਨੂੰ ਪ੍ਰੇਰਿਤ ਕਰਦੇ ਰਹਿਣ।