ਬਰਨਾਲਾ ਜ਼ਿਲ੍ਹੇ ਦੇ ਭਦੌੜ ਇਲਾਕੇ ਦੇ ਨੇੜਲੇ ਪਿੰਡ ਪੱਤੀ ਦੀਪ ਸਿੰਘ ਦੇ ਖੇਤਾਂ ਵਿਚ ਪਾਕਿਸਤਾਨ ਦੀ ਸਿਆਸੀ ਪਾਰਟੀ ਟੀਐਲਪੀ ਦਾ ਝੰਡਾ ਅਤੇ ਚਿੱਟੇ ਅਤੇ ਲਾਲ ਗੁਬਾਰੇ ਮਿਲੇ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਾਕਿਸਤਾਨ ਦੀ ਸਿਆਸੀ ਪਾਰਟੀ ਦੇ ਝੰਡੇ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਵੀਰਵਾਰ ਨੂੰ ਚੋਣਾਂ ਹੋਈਆਂ ਸਨ ਅਤੇ ਨਤੀਜੇ ਆ ਰਹੇ ਹਨ। ਜਿਸ ਕਾਰਨ ਇਨ੍ਹਾਂ ਗੁਬਾਰਿਆਂ ਨੂੰ ਉੱਥੇ ਕਿਸੇ ਨੇ ਉਡਾ ਦਿੱਤਾ ਹੋਵੇਗਾ ਅਤੇ ਉਹ ਇੱਥੇ ਆ ਕੇ ਡਿੱਗ ਪਏ। ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਿਸ ਨੇ ਝੰਡੇ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਐਸਬੀਐਸ ਲੱਖਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਪਾਰਟੀ ਦੇ ਝੰਡੇ ਅਤੇ ਗੁਬਾਰੇ ਮਿਲਣ ਦੀ ਸੂਚਨਾ ਮਿਲੀ ਸੀ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਸੀ। ਪੂਰੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਮੌਕੇ ਤੋਂ ਕੋਈ ਨਜਾਇਜ਼ ਵਸਤੂ ਜਾਂ ਨਕਲੀ ਸਮਾਨ ਬਰਾਮਦ ਨਹੀਂ ਹੋਇਆ।