ਹੰਬੜਾ ਰੋਡ ਸਥਿਤ ਪੱਛਮੀ ਤਹਿਸੀਲ ’ਚ ਸ਼ੁੱਕਰਵਾਰ ਨੂੰ ਤਹਿਸੀਲ ਨਾਲ ਸਬੰਧਤ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਪੱਛਮੀ ਤਹਿਸੀਲ ਦੇ ਗੁਰਮੀਤ ਸਿੰਘ ਮਿਸ਼ਰਾ ਰਜਿਸਟਰਾਰ ਅਤੇ ਰਜਿਸਟਰੀ ਕਲਰਕ ਹਾਈਕੋਰਟ ਪੇਸ਼ੀ ’ਤੇ ਗਏ ਸਨ। ਇਸ ਦੌਰਾਨ ਤਹਿਸੀਲ ’ਚ ਰਜਿਸਟਰਾਰ ਅਤੇ ਆਰਸੀ ਦੇ ਨਾ ਹੋਣ ਕਾਰਨ ਤਹਿਸੀਲ ’ਚ ਸੁੰਨਸਾਨ ਰਹੀ ਅਤੇ ਲੋਕ ਬਿਨਾਂ ਕੰਮ ਕਰਵਾਏ ਬੇਰੰਗ ਵਾਪਸ ਘਰਾਂ ਨੂੰ ਮੁੜਨ ਲਈ ਮਜਬੂਰ ਹੋਏ। ‘ਪੰਜਾਬੀ ਜਾਗਰਣ’ ਦੀ ਟੀਮ ਨੇ ਜਦ ਮੁਆਇਨਾ ਕੀਤਾ ਤਾਂ ਦੇਖਿਆ ਕਿ ਤਹਿਸੀਲ ’ਚ ਸਥਿਤ ਫਰਦ ਕੇਂਦਰ ਖੁੱਲ੍ਹਾ ਸੀ, ਜਿੱਥੋਂ ਲੋਕ ਫਰਦਾਂ ਲੈ ਰਹੇ ਸਨ, ਪਰ ਰਜਿਸਟਾਰ ਅਤੇ ਆਰਸੀ ਦੇ ਨਾ ਹੋਣ ਕਾਰਨ ਰਜਿਸਟਰੀਆਂ ਦਾ ਕੰਮਕਾਜ ਠੱਪ ਰਿਹਾ। ਜਦ ਇਸ ਸਬੰਧੀ ਪੱਛਮੀ ਤਹਿਸੀਲ ’ਚ ਇੰਤਕਾਲ ਸਬੰਧੀ ਜਾਣਕਾਰੀ ਲੈਣ ਆਏ ਦੁੱਗਰੀ ਰੋਡ ਸਥਿਤ ਬਸੰਤ ਐਵੇਨਿਊ ਵਾਸੀ ਸਾਹਿਲ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਤਹਿਸੀਲ ’ਚ ਪਹੁੰਚ ਕੇ ਹੀ ਪਤਾ ਲੱਗਾ ਹੈ ਕਿ ਰਜਿਸਟਰਾਰ ਮੌਜੂਦ ਨਹੀਂ ਹੈ। ਪਿੰਡ ਹਿਮਾਯੂਪੁਰਾ ਦੇ ਰਹਿਣ ਵਾਲੇ ਮਨੀਕਾਂਤ ਪੁੱਤਰ ਰਾਮ ਚੰਦਰ ਨੇ ਦੱਸਿਆ ਕਿ ਉਸ ਨੇ 100 ਗਜ਼ ਦੇ ਪਲਾਟ ਦਾ ਇੰਤਕਾਲ ਦਰਜ ਕਰਵਾਇਆ ਸੀ ਤੇ ਤਹਿਸੀਲ ’ਚੋਂ ਪਤਾ ਕਰਨਾ ਸੀ ਕਿ ਇੰਤਕਾਲ ਦਰਜ ਹੋ ਗਿਆ ਹੈ ਜਾਂ ਨਹੀਂ ਪਰ ਇਥੇ ਆ ਕੇ ਪਤਾ ਲੱਗਾ ਕਿ ਰਜਿਸਟਰਾਰ ਤੇ ਕਲਰਕ ਛੁੱਟੀ ’ਤੇ ਹਨ। ਸ਼ੁੱਕਰਵਾਰ ਨੂੰ ਲੁਧਿਆਣਾ ਕੋਰਟ ’ਚ ਲੋਕਲ ਛੁੱਟੀ ਸੀ, ਜਦਕਿ ਲੁਧਿਆਣਾ ਜ਼ਿਲ੍ਹਾ ਕੋਰਟ ਦੇ ਐਡਵੋਕੇਟ ਨਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਕੋਰਟ ਸਮੇਤ ਹਾਈਕੋਰਟ ’ਚ ਵੀ ਲੋਕਲ ਛੁੱਟੀ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵੱਲੋਂ ਬੀਤੇ ਦਿਨੀਂ 5 ਫਰਵਰੀ ਨੂੰ ਲੁਧਿਆਣਾ ਕੋਰਟ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ’ਚ ਲੋਕਲ ਛੁੱਟੀ ਸਬੰਧੀ ਸਰਕੂਲਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ੁੱਕਰਵਾਰ ਨੂੰ ਹਾਈਕੋਰਟ ’ਚ ਵੀ ਛੁੱਟੀ ਸੀ। ਜਦ ਕਿ ਐਡਵੋਕੇਟ ਹਰਮਨਦੀਪ ਸਿੰਘ ਨੇ ਕਿਹਾ ਕਿ ਹਾਈਕੋਰਟ ਵੱਲੋਂ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ’ਚ ਲੋਕਲ ਛੁੱਟੀ ਦਾ ਸਰਕੂਲਰ ਜਾਰੀ ਕੀਤਾ ਗਿਆ ਹੈ, ਜਦਕਿ ਹਾਈਕੋਰਟ ’ਚ ਛੁੱਟੀ ਨਹੀਂ ਸੀ। ਜਦ ਪੱਛਮੀ ਤਹਿਸੀਲ ਦੇ ਰਜਿਸਟਰਾਰ ਗੁਰਮੀਤ ਸਿੰਘ ਮਿਸ਼ਰਾ ਵੱਲੋਂ ਹਾਈਕੋਰਟ ਪੇਸ਼ੀ ’ਤੇ ਜਾਣ ਕਾਰਨ ਤਹਿਸੀਲ ’ਚ ਲੋਕਾਂ ਦੇ ਖੱਜਲ-ਖੁਆਰ ਹੋਣ ਬਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੰਬੜਾਂ ਰੋਡ ਸਥਿਤ ਪੱਛਮੀ ਤਹਿਸੀਲ ਦੇ ਰਜਿਸਟਰਾਰ ਗੁਰਮੀਤ ਸਿੰਘ ਮਿਸ਼ਰਾ ਹਾਈਕੋਰਟ ਗਏ ਹਨ, ਉਨ੍ਹਾਂ ਦੀ ਜਗ੍ਹਾ ਤੇ ਪੂਰਬੀ ਤਹਿਸੀਲ ਦੇ ਰਜਿਸਟਰਾਰ ਕੁਲਵੰਤ ਸਿੰਘ ਸਿੱਧੂ ਦੀ ਡਿਊਟੀ ਲਗਾਈ ਗਈ ਹੈ। ਤਹਿਸੀਲ ਨਾਲ ਸਬੰਧਤ ਕੰਮ ਰਜਿਸਟਰਾਰ ਕੁਲਵੰਤ ਸਿੰਘ ਸਿੱਧੂ ਦੇਖਣਗੇ। ਜਦ ਇਸ ਸਬੰਧੀ ਪੂਰਬੀ ਤਹਿਸੀਲ ਦੇ ਰਜਿਸਟਰਾਰ ਕੁਲਵੰਤ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਡਿਊਟੀ ਪੱਛਮੀ ਤਹਿਸੀਲ ’ਚ ਡਿਊਟੀ ਲਗਾਈ ਹੈ। ਉਨ੍ਹਾਂ ਕਿਹਾ ਕਿ ਉਹ ਪੂਰਬੀ ਤਹਿਸੀਲ ਦਾ ਕੰਮ ਨਿਬੇੜ ਕੇ ਪੱਛਮੀ ਤਹਿਸੀਲ ’ਚ ਵਸੀਕੇ ਤਸਦੀਕ ਕਰਨਗੇ।