ਪਿਛਲੇ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਅਤੇ ਘਰੇਲੂ ਧਰਤੀ ‘ਤੇ ਵਨਡੇ ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰਨ ਤੋਂ ਬਾਅਦ ਹੁਣ ਅੰਡਰ-19 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ‘ਚ ਯੁਵਾ ਬ੍ਰਿਗੇਡ ਕੰਗਾਰੂਆਂ ਖਿਲਾਫ ਜਿੱਤ ਦਰਜ ਨਹੀਂ ਕਰਵਾ ਸਕੀ। ਇਸ ਤਰ੍ਹਾਂ ਭਾਰਤ ਨੂੰ ਲਗਾਤਾਰ ਤਿੰਨ ਵਾਰ ਆਈਸੀਸੀ ਫਾਈਨਲ ਵਿਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਦੇ ਬੇਨੋਨੀ ‘ਚ ਖੇਡੇ ਗਏ ਫਾਈਨਲ ਮੈਚ ‘ਚ ਭਾਰਤੀ ਅੰਡਰ-19 ਟੀਮ ਨੂੰ 79 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਟੂਰਨਾਮੈਂਟ ਦੀ ਟਰਾਫੀ ‘ਤੇ ਕਬਜ਼ਾ ਕੀਤਾ ਅਤੇ ਉਦੈ ਸਹਾਰਨ ਦੀ ਅਗਵਾਈ ਵਾਲੀ ਟੀਮ ਖਿਤਾਬ ਦਾ ਬਚਾਅ ਕਰਨ ‘ਚ ਅਸਫਲ ਰਹੀ। ਆਸਟ੍ਰੇਲੀਆ ਨੇ ਹਰਜਸ ਸਿੰਘ (55) ਦੇ ਅਰਧ ਸੈਂਕੜੇ ਨਾਲ 50 ਓਵਰਾਂ ਵਿਚ ਸੱਤ ਵਿਕਟਾਂ ’ਤੇ 253 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਹ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 1998 ‘ਚ ਨਿਊਜ਼ੀਲੈਂਡ ਖਿਲਾਫ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਫਾਈਨਲ ‘ਚ ਤਿੰਨ ਵਿਕਟਾਂ ‘ਤੇ 242 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤੀ ਟੀਮ 43.5 ਓਵਰਾਂ ‘ਚ 174 ਦੌੜਾਂ ‘ਤੇ ਆਲਆਊਟ ਹੋ ਗਈ। ਦਿਲਚਸਪ ਗੱਲ ਇਹ ਹੈ ਕਿ ਜਿਸ ਤਰ੍ਹਾਂ ਪਿਛਲੇ ਸਾਲ ਵਨਡੇ ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਸੈਮੀਫਾਈਨਲ ਤੱਕ ਅਜੇਤੂ ਰਹੀ ਸੀ ਅਤੇ ਫਾਈਨਲ ‘ਚ ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਤੋਂ ਹਾਰ ਗਈ ਸੀ, ਉਸੇ ਤਰ੍ਹਾਂ ਭਾਰਤ ਦੀ ਨੌਜਵਾਨ ਟੀਮ ਵੀ ਇਸ ਵਨਡੇ ਵਿਸ਼ਵ ਕੱਪ ‘ਚ ਅਜੇਤੂ ਰਹੀ। ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਸੈਮੀਫਾਈਨਲ ਤੱਕ ਕੋਈ ਵੀ ਟੀਮ ਇਸ ਨੂੰ ਹਰਾ ਨਹੀਂ ਸਕੀ ਸੀ। ਹਾਲਾਂਕਿ ਭਾਰਤੀ ਅੰਡਰ-19 ਟੀਮ ਵੀ ਖਿਤਾਬੀ ਮੁਕਾਬਲੇ ‘ਚ ਆਪਣੀ ਅਜੇਤੂ ਮੁਹਿੰਮ ਜਾਰੀ ਨਹੀਂ ਰੱਖ ਸਕੀ। ਸਭ ਤੋਂ ਵੱਧ ਪੰਜ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਲਗਾਤਾਰ ਦੂਜੀ ਅਤੇ ਛੇਵੀਂ ਵਾਰ ਟਰਾਫੀ ਜਿੱਤਣ ਦੇ ਇਰਾਦੇ ਨਾਲ ਆਈ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਬਹੁਤ ਮਾੜੀ ਰਹੀ ਅਤੇ ਪੂਰੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਬੱਲੇਬਾਜ਼ ਫਾਈਨਲ ਵਿੱਚ ਆਪਣਾ ਪ੍ਰਭਾਵ ਬਣਾਉਣ ਵਿਚ ਨਾਕਾਮ ਰਹੇ। ਟੀਮ ਦੀ ਤਰਫੋਂ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ, ਜਦੋਂਕਿ ਟੀਮ ਦੇ ਸੱਤ ਬੱਲੇਬਾਜ਼ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕੇ। ਆਸਟ੍ਰੇਲੀਆ ਲਈ ਮਹਾਲੀ ਬੀਅਰਡਮੈਨ ਅਤੇ ਰਾਫੇਲ ਮੈਕਮਿਲਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।