ਜਲੰਧਰ ਸ਼ਹਿਰ ਦੇ ਆਦਮਪੁਰ ਦੀ ਰਹਿਣ ਵਾਲੀ ਸੋਨਾਲੀ ਕੌਲ ਨੇ ਛੋਟੀ ਉਮਰ ਵਿੱਚ ਜੱਜ ਬਣ ਕੇ ਆਪਣੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਪਰਿਵਾਰ ਵਿਚ ਆਰਥਿਕ ਤੰਗੀਆਂ ਦੇ ਬਾਵਜੂਦ, ਸੋਨਾਲੀ ਨੇ ਆਪਣੀ ਕਾਨੂੰਨ ਦੀ ਪ੍ਰੈਕਟਿਸ ਪੂਰੀ ਕੀਤੀ ਅਤੇ ਨਿਆਂਪਾਲਿਕਾ ਦੀ ਪੜ੍ਹਾਈ ਕਰਨ ਤੋਂ ਬਾਅਦ ਜੱਜ ਬਣ ਗਈ। ਸੋਨਾਲੀ ਦੇ 6 ਭੈਣ-ਭਰਾ ਹਨ। ਸਾਰੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਨੇ ਸੋਨਾਲੀ ਕੌਲ ਨਾਲ ਖਾਸ ਗੱਲਬਾਤ ਕੀਤੀ। ਸੋਨਾਲੀ ਨੇ ਕਿਹਾ ਕਿ ਮੰਜ਼ਿਲ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਇਕ ਡਰਾਈਵਰ ਹਨ ਤੇ 6 ਭੈਣ-ਭਰਾ ਹੋਣ ਕਰਕੇ ਪਿਤਾ ਨੇ ਪੜ੍ਹਾਈ ਵੀ ਕਰਵਾਈ। ਮੇਰੇ ਪਿਤਾ ਦੀ ਮਿਹਨਤ ਨੂੰ ਹੀ ਬੂਰ ਪਿਆ। ਅਸੀਂ ਆਪਣੇ ਮਾਪਿਆਂ ਦਾ ਕਦੇ ਦੇਣ ਨਹੀਂ ਦੇ ਸਕਦੇ। ਸੋਨਾਲੀ ਕੌਲ ਨੇ ਕਿਹਾ ਕਿ ਜਦੋਂ ਮੈਂ ਕਾਨੂੰਨ ਦੀ ਪੜ੍ਹਾਈ ਕਰਦੀ ਸੀ ਤਾਂ ਮੈਂ 16-17 ਘੰਟੇ ਪੜ੍ਹਦੀ ਸੀ। ਸੋਨਾਲੀ ਕੌਲ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਧੀ ਦੇ ਜੱਜ ਬਣਨ ਨਾਲ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ 5000 ਰੁਪਏ ਵਿਚ ਡਰਾਈਵਰ ਵਜੋਂ ਪਹਿਲੀ ਨੌਕਰੀ ਕੀਤੀ। ਮੈਂ ਥੋੜ੍ਹੇ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ ਤੇ ਅੱਗੇ ਬੱਚਿਆਂ ਨੇ ਵੀ ਪੜ੍ਹ ਕੇ ਮੁੱਲ ਮੋੜਿਆ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਦਾ ਸੁਪਨਾ ਸੀ ਕਿ ਮੈਂ ਵਕੀਲ ਬਣਾ ਪਰ 1979 ਵਿਚ ਉਨ੍ਹਾਂ ਦੀ ਮੌਤ ਹੋ ਗਈ ਫਿਰ ਸਾਡਾ ਪੜ੍ਹਾਈ ਵਾਲਿਓ ਪਾਸਿਓਂ ਮਨ ਮੁੜ ਗਿਆ। ਸੋਨਾਲੀ ਕੌਲ ਨੇ ਕਿਹਾ ਕਿ ਮੇਰੇ ਛੋਟੇ ਭੈਣ ਭਰਾ ਨੇ ਮੇਰੇ ਜੱਜ ਬਣਨ ਵਿਚ ਬਹੁਤ ਸਹਿਯੋਗ ਦਿਤਾ। ਜੱਜ ਦਾ ਕੰਮ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੈ। ਟਰੇਨਿੰਗ ਲੈ ਕੇ ਹੌਲੀ-ਹੌਲੀ ਸਿੱਖ ਕੇ ਲੋਕਾਂ ਨੂੰ ਇਨਸਾਫ਼ ਦੇਵਾਂਗੀ। ਸੋਨਾਲੀ ਨੇ ਕਿਹਾ ਕਿ ਅੱਜ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਸਾਨੂੰ ਵੀ ਰਿਸ਼ਤੇਦਾਰਾਂ ਨੇ ਕਿਹਾ ਕਿ ਛੱਡੋ ਇਹ ਪੜ੍ਹਾਈਆਂ। ਆਈਲੈਟਸ ਕਰਕੇ ਬਾਹਰ ਜਾਓ। ਤੁਹਾਡਾ ਪ੍ਰਵਾਰ ਵੀ ਸੌਖਾ ਹੋਵੇ ਪਰ ਸਾਡੇ ਇਰਾਦੇ ਮਜ਼ਬੂਤ ਸਨ ਤੇ ਅੱਜ ਮਿਹਨਤ ਸਦਕਾ ਜੱਜ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿਤਾ। ਮੈਂ, ਮੇਰੇ ਭੈਣ ਭਰਾ ਕਦੇ ਗਰੀਬੀ, ਤੰਗੀ ਤੋਂ ਡਰੇ ਨਹੀਂ ਸਗੋਂ ਇਨ੍ਹਾਂ ਨੂੰ ਆਪਣੀ ਤਾਕਤ ਬਣਾਇਆ ਕਿਉਂਕਿ ਸਾਡੇ ਤੋਂ ਪ੍ਰਵਾਰ ਨੂੰ ਆਸਾਂ ਸਨ ਜੇ ਅਸੀਂ ਮਨ ਸੁੱਟ ਲੈਂਦੇ ਫਿਰ ਘਰਦਿਆਂ ਦੀ ਉਮੀਦਾਂ ‘ਤੇ ਕੌਣ ਖਰਾ ਉਤਰਦਾ।