ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲੋਕਾਂ ਨੂੰ ਹੋ ਸਕਦੀ ਹੈ ਪਰੇਸ਼ਾਨੀ

22 ਫਰਵਰੀ ਨੂੰ ਸੂਬੇ ਭਰ ਦੇ ਖਪਤਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਸਤ 2017 ਤੋਂ ਡੀਲਰ ਮਾਰਜਿਨ ਵਿਚ ਵਾਧਾ ਨਾ ਕੀਤੇ ਜਾਣ ਤੋਂ ਨਾਰਾਜ਼ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (ਪੀਪੀਡੀਏਪੀ) ਨੇ 22 ਫਰਵਰੀ ਨੂੰ ਪੰਜਾਬ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। ਪੀਪੀਡੀਏਪੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ (ਓਐਮਸੀ) ਪੈਟਰੋਲੀਅਮ ਡੀਲਰਾਂ ਦੇ ਮਾਰਜਿਨ ਵਿਚ ਵਾਧਾ ਨਹੀਂ ਕਰ ਰਹੀਆਂ ਹਨ, ਜਿਸ ਵਿਚ ਪਿਛਲੀ ਵਾਰ ਅਗਸਤ 2017 ਵਿਚ ਸੋਧ ਕੀਤੀ ਗਈ ਸੀ। ਡੀਲਰ ਮਾਰਜਿਨ ਵਧਾਉਣ ਸਬੰਧੀ ਤੇਲ ਕੰਪਨੀਆਂ ਦੇ ਪ੍ਰਧਾਨਾਂ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਇਸ ਦੀ ਕਾਪੀ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਗਈ ਹੈ। ਜਥੇਬੰਦੀ ਦੇ ਬੁਲਾਰੇ ਮੌਂਟੀ ਗੁਰਮੀਤ ਸਹਿਗਲ ਨੇ ਦਸਿਆ ਕਿ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਭਰ ਦੇ ਪੈਟਰੋਲੀਅਮ ਡੀਲਰ 15 ਫਰਵਰੀ ਨੂੰ ‘ਨੋ ਪਰਚੇਜ਼ ਡੇਅ’ ਰੱਖਣਗੇ ਅਤੇ ਤੇਲ ਕੰਪਨੀਆਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨਹੀਂ ਕਰਨਗੇ। ਇਸ ਤੋਂ ਬਾਅਦ 22 ਫਰਵਰੀ ਨੂੰ ਪੈਟਰੋਲ ਪੰਪਾਂ ‘ਤੇ ਪੈਟਰੋਲ ਡੀਜ਼ਲ ਨਹੀਂ ਵੇਚਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਦਾ ਵੀ ਐਸੋਸੀਏਸ਼ਨ ਸਮਰਥਨ ਕਰੇਗੀ।ਪੀਪੀਡੀਏਪੀ ਨੇ ਐਲਾਨ ਕੀਤਾ ਹੈ ਕਿ 22 ਫਰਵਰੀ ਨੂੰ ਸੂਬੇ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਨਹੀਂ ਹੋਵੇਗੀ ਪਰ 17 ਫਰਵਰੀ ਨੂੰ ਵੀ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਸਕਦੀ ਹੈ। ਕਾਰਨ ਇਹ ਹੈ ਕਿ 15 ਤਰੀਕ ਨੂੰ ਤੇਲ ਕੰਪਨੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਸੀਂ ਕਿਸਾਨਾਂ ਦੇ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਵੀ ਸਮਰਥਨ ਕੀਤਾ ਹੈ ਅਤੇ ਇਹ ਵੀ ਸੰਭਵ ਹੈ ਕਿ ਉਸ ਦਿਨ ਪੈਟਰੋਲ ਅਤੇ ਡੀਜ਼ਲ ਦੀ ਵੀ ਖਰੀਦ ਨਾ ਹੋਵੇ। ਦੋ ਦਿਨਾਂ ‘ਚ ਪੈਟਰੋਲ ਪੰਪਾਂ ਦਾ ਸਟਾਕ ਵੀ ਅਪਣੇ ਘੱਟੋ-ਘੱਟ ਪੱਧਰ ‘ਤੇ ਪਹੁੰਚ ਜਾਵੇਗਾ। ਅਜਿਹੇ ‘ਚ 17 ਫਰਵਰੀ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਸਕਦੀ ਹੈ।

Leave a Reply

Your email address will not be published. Required fields are marked *