ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੌਰਾਨ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵਿਚਾਲੇ ਸਰਕਾਰ ਨੇ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿਚ ਸਵਾਲ ਪੁੱਛਿਆ ਗਿਆ ਕਿ ਹੁਣ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਫਿਰ ਅੰਦੋਲਨ ਕਿਉਂ? ਕੇਂਦਰ ਨੇ ਲਿਖਿਆ ਕਿ ਹੁਣ ਪੰਜਾਬ ਵਿਚ ਕਿਸਾਨ ਅੰਦੋਲਨ ਕਿਉਂ? ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ 3 ਖੇਤੀ ਕਾਨੂੰਨ ਰੱਦ ਕਰ ਦਿਤੇ ਗਏ ਹਨ। ਕੇਂਦਰ ਸਰਕਾਰ ਕਿਸਾਨਾਂ ਤੋਂ ਕਣਕ, ਝੋਨਾ ਅਤੇ ਕਪਾਹ 100 ਫ਼ੀ ਸਦੀ ਅਦਾਇਗੀ ‘ਤੇ ਖਰੀਦਦੀ ਹੈ। ਇਸ ਤੋਂ ਇਲਾਵਾ ਵੀ ਕਈ ਅਜਿਹੇ ਪ੍ਰਾਜੈਕਟ ਹਨ, ਜਿਨ੍ਹਾਂ ਦਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਪਿਛਲੇ 10 ਸਾਲਾਂ ਵਿਚ ਕਿਸਾਨਾਂ ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਪੰਜਾਬ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਪਿਛਲੇ 3 ਦਿਨਾਂ ਤੋਂ ਸਰਹੱਦਾਂ ‘ਤੇ ਡਟੇ ਹੋਏ ਹਨ। ਉਨ੍ਹਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਲਈ ਹਰਿਆਣਾ ਵੱਲ ਕੂਚ ਕੀਤਾ ਸੀ। ਇਥੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲ ਨੇ ਉਨ੍ਹਾਂ ਨੂੰ ਬੈਰੀਕੇਡਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਿਆ। ਉਦੋਂ ਤੋਂ ਹੀ ਕਿਸਾਨਾਂ ਨੇ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ। ਇਸ ਵਿਚ ਕਈ ਕਿਸਾਨ ਜ਼ਖਮੀ ਵੀ ਹੋਏ ਹਨ ਅਤੇ ਇਕ ਕਿਸਾਨ ਦੀ ਮੌਤ ਹੋ ਗਈ। ਇਸ਼ਤਿਹਾਰ ਅਨੁਸਾਰ ਕੇਂਦਰ ਵਲੋਂ 10 ਸਾਲਾਂ ਵਿਚ ਕਿਸਾਨਾਂ ਲਈ ਚੁੱਕੇ ਗਏ ਕਦਮ -ਖੇਤੀਬਾੜੀ ਬਜਟ 5 ਗੁਣਾ ਵਧਿਆ। ਖੇਤੀ ਆਧਾਰਿਤ ਬੁਨਿਆਦੀ ਢਾਂਚੇ ਲਈ ਨਿਵੇਸ਼ ਵਿਚ ਵਾਧਾ ਹੋਇਆ ਹੈ। ਕਿਸਾਨਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਸੀ। -ਖਾਦ ਦਾ ਉਤਪਾਦਨ ਅਤੇ ਸਬਸਿਡੀ ਵਧਾਈ ਗਈ। ਨਿੰਮ ਕੋਟਿਡ ਯੂਰੀਆ ਦੀ ਉਪਲਬਧਤਾ ਵਧੀ ਹੈ। ਯੂਰੀਆ ਹੁਣ ਸਿੱਧਾ ਕਿਸਾਨ ਤਕ ਪਹੁੰਚਦਾ ਹੈ। -ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲ ਰਹੇ ਹਨ। 2.8 ਲੱਖ ਕਰੋੜ ਰੁਪਏ ਦੀ ਸਨਮਾਨ ਨਿਧੀ ਵੰਡੀ ਜਾ ਰਹੀ ਹੈ। -ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਫਸਲਾਂ ਦੇ ਨੁਕਸਾਨ ਦੇ ਕਵਰ ਦਾ ਦਾਇਰਾ ਵਧਾ ਦਿਤਾ ਗਿਆ ਹੈ। ਤਕਨਾਲੋਜੀ ਦੀ ਵਰਤੋਂ ਨਾਲ 1.54 ਲੱਖ ਕਰੋੜ ਰੁਪਏ ਦੀ ਬੀਮਾ ਰਾਸ਼ੀ ਤੁਰੰਤ ਪਾਸ ਕੀਤੀ ਜਾ ਰਹੀ ਹੈ। -ਦੇਸ਼ ਭਰ ਦੀਆਂ 1389 ਮੰਡੀਆਂ ਈ-ਨਾਮ ‘ਤੇ ਰਜਿਸਟਰਡ ਹਨ। ਇਸ ਕਾਰਨ ਕਰੋੜਾਂ ਕਿਸਾਨਾਂ ਨੇ ਅਪਣੀ ਪਸੰਦ ਦੀ ਮੰਡੀ ਵਿਚ ਅਪਣੀ ਫਸਲ ਆਨਲਾਈਨ ਵੇਚਣੀ ਸ਼ੁਰੂ ਕਰ ਦਿਤੀ ਹੈ। -22 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਇਤਿਹਾਸਕ ਵਾਧਾ ਹੋਇਆ ਹੈ। 22 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਇਆ ਗਿਆ, ਜਿਸ ਨਾਲ 50 ਫ਼ੀ ਸਦੀ ਵਾਪਸੀ ਦੀ ਗਾਰੰਟੀ ਯਕੀਨੀ ਬਣਾਈ ਗਈ। -ਨਮੋ ਡਰੋਨ ਦੀਦੀ ਯੋਜਨਾ ਦੇ ਤਹਿਤ ਡਰੋਨ ਦੀ ਖਰੀਦ ‘ਤੇ 80 ਫ਼ੀ ਸਦੀ ਰਾਹਤ ਹੈ। -ਸਥਾਨਕ ਖੇਤੀਬਾੜੀ ਸਪਲਾਈ ਲੜੀ ਵਿਚ ਔਰਤਾਂ ਦੀ ਭਾਗੀਦਾਰੀ ਹੈ। -ਧਰਤੀ ਪੁੱਤਰ ਨੂੰ ਭਾਰਤ ਰਤਨ ਦਿਤਾ ਗਿਆ। ਅੰਨ ਦਾਨਿਆਂ ਦਾ ਸਨਮਾਨ ਕਰਦਿਆਂ ਕਿਸਾਨ ਪੁੱਤਰ ਚੌਧਰੀ ਚਰਨ ਸਿੰਘ ਅਤੇ ਹਰੀ ਕ੍ਰਾਂਤੀ ਦੇ ਪ੍ਰੇਰਨਾ ਸਵਾਮੀਨਾਥਨ ਨੂੰ ਭਾਰਤ ਰਤਨ ਪ੍ਰਦਾਨ ਕੀਤਾ ਗਿਆ ਹੈ।